ਵਾਸ਼ਿੰਗਟਨ, 17 ਜੂਨ

ਹਵਾਈ ਜਹਾਜ਼ ਕੰਪਨੀਆਂ ਨੇ ਅਮਰੀਕਾ ਵਿੱਚ ਵੀਰਵਾਰ ਨੂੰ 1500 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਹਨ। ਗਰਮੀਆਂ ਦੀਆਂ ਛੁੱਟੀਆਂ ਦੌਰਾਨ ਯਾਤਰਾ ਦੇ ਲਿਹਾਜ਼ ਨਾਲ ਵੀਰਵਾਰ ਦਾ ਦਿਨ ਹੁਣ ਤੱਕ ਦੇ ਸਭ ਤੋਂ ਬੁਰੇ ਦਿਨਾਂ ਵਿੱਚੋਂ ਇੱਕ ਮੰਨਿਆਂ ਜਾਂਦਾ ਹੈ। ਟਰੈਕਿੰਗ ਸਰਵਿਸ ਫਲਾਈਟਅਵੇਅਰ ਮੁਤਾਬਕ, ਨਿਊਯਾਰਕ ਵਿੱਚ ਲਾਗਾਰਡੀਆ ਹਵਾਈ ਅੱਡੇ ’ਤੇ ਇੱਕ ਤਿਹਾਈ ਤੋਂ ਵੱਧ ਉਡਾਣਾਂ ਪ੍ਰਭਾਵਿਤ ਹੋਈਆਂ ਹਨ। ਨਿਊਜਰਸੀ ਦੇ ਨੇੜਲੇ ਨੇਵਾਰਕ ਲਿਬਰਟੀ ਹਵਾਈ ਅੱਡੇ ’ਤੇ ਇੱਕ ਚੌਥਾਈ ਤੋਂ ਵੱਧ ਉਡਾਣਾਂ ਰੱਦ ਕੀਤੀਆਂ ਗਈਆਂ ਹਨ। ਜਹਾਜ਼ ਕੰਪਨੀਆਂ ਨੇ ਕੁੱਝ ਹੀ ਹਫ਼ਤੇ ਪਹਿਲਾਂ ‘ਮੈਮੋਰੀਅਲ ਡੇਅ’ ਛੁੱਟੀਆਂ ਦੇ ਹਫ਼ਤੇ ਦੌਰਾਨ ਪੰਜ ਦਿਨਾਂ ਵਿੱਚ ਲਗਪਗ 2800 ਉਡਾਣਾਂ ਰੱਦ ਕੀਤੀਆਂ ਸਨ। ਇਸ ਸਬੰਧੀ ਟਰਾਂਸਪੋਰਟ ਮੰਤਰੀ ਪੀਟ ਬੁਟੀਗੀਗ ਨੇ ਹਵਾਈ ਜਹਾਜ਼ ਕੰਪਨੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ (ਸੀਈਓਜ਼) ਨਾਲ ਵਰਚੁਅਲ ਮੀਟਿੰਗ ਕੀਤੀ, ਜਿਸ ਵਿੱਚ ਉਨ੍ਹਾਂ ਨੇ ਸੀਈਓਜ਼ ਤੋਂ ਚਾਰ ਜੁਲਾਈ ਦੀ ਛੁੱਟੀ ਅਤੇ ਬਾਕੀ ਗਰਮੀਆਂ ਵਿੱਚ ਸੁਚਾਰੂ ਢੰਗ ਨਾਲ ਕੰਮ ਕਰਨ ਲਈ ਚੁੱਕੇ ਜਾ ਰਹੇ ਕਦਮਾਂ ਬਾਰੇ ਜਾਣਕਾਰੀ ਮੰਗੀ।