ਓਟਵਾ, 29 ਅਕਤੂਬਰ: ਕੈਨੇਡਾ ਦੀ ਡਿਪਟੀ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਦਾ ਕਹਿਣਾ ਹੈ ਕਿ ਅਗਲੇ ਹਫਤੇ ਅਮਰੀਕਾ ਵਿੱਚ ਹੋਣ ਜਾ ਰਹੀਆਂ ਰਾਸ਼ਟਰਪਤੀ ਦੇ ਅਹੁਦੇ ਦੀਆਂ ਚੋਣਾਂ ਦਾ ਜੋ ਵੀ ਨਤੀਜਾ ਨਿਕਲੇਗਾ ਉਹ ਕੈਨੇਡਾ ਲਈ ਅਹਿਮ ਹੋਵੇਗਾ|
ਟੋਰਾਂਟੋ ਗਲੋਬਲ ਫੋਰਮ ਸਾਹਮਣੇ ਦਿੱਤੇ ਗਏ ਵਰਚੂਅਲ ਭਾਸ਼ਣ ਵਿੱਚ ਫਰੀਲੈਂਡ ਨੇ ਆਖਿਆ ਕਿ ਪ੍ਰਧਾਨ ਮੰਤਰੀ ਟਰੂਡੋ ਪਹਿਲਾਂ ਵੀ ਇਹ ਆਖ ਚੁੱਕੇ ਹਨ ਕਿ 3 ਨਵੰਬਰ ਨੂੰ ਅਮਰੀਕਾ ਵਿੱਚ ਹੋਣ ਜਾ ਰਹੀਆਂ ਚੋਣਾਂ ਦਾ ਜੋ ਵੀ ਨਤੀਜਾ ਨਿਕਲੇਗਾ ਉਸ ਬਾਰੇ ਫੈਡਰਲ ਸਰਕਾਰ ਪਹਿਲਾਂ ਤੋਂ ਹੀ ਹਰ ਪੱਖ ਤੇ ਨਜ਼ਰੀਏ ਨਾਲ ਤਿਆਰੀ ਕਰ ਰਹੀ ਹੈ|
ਫਰੀਲੈਂਡ ਨੇ ਆਖਿਆ ਕਿ ਉਹ ਕੈਨੇਡੀਅਨਜ਼ ਨੂੰ ਇਹ ਭਰੋਸਾ ਦਿਵਾਉਣਾ ਚਾਹੁੰਦੀ ਹੈ ਕਿ ਜਿਵੇਂ ਅਸੀਂ 2016 ਵਿੱਚ ਸਾਵਧਾਨੀ ਨਾਲ ਤਿਆਰੀ ਕੀਤੀ ਸੀ ਉਸੇ ਤਰ੍ਹਾਂ ਹੀ ਅਸੀਂ ਇਸ ਵਾਰੀ ਵੀ ਚੋਣਾਂ ਦੇ ਸੰਭਾਵੀ ਨਤੀਜਿਆਂ ਬਾਰੇ ਤਿਆਰੀ ਕਰ ਰਹੇ ਹਾਂ| ਫਰੀਲੈਂਡ ਨੇ ਆਖਿਆ ਕਿ ਜਿਵੇਂ ਕਿ ਅਸੀਂ ਪਿਛਲੇ ਚਾਰ ਸਾਲਾਂ ਵਿੱਚ ਕਰਦੇ ਆਏ ਹਾਂ ਉਸੇ ਤਰ੍ਹਾਂ ਹੀ ਅਸੀਂ ਅੱਗੇ ਵੀ ਇਸ ਰਿਸ਼ਤੇ ਨੂੰ ਨਿਭਾਉਣਾ ਜਾਰੀ ਰੱਖਾਂਗੇ ਫਿਰ ਭਾਵੇਂ ਡੌਨਲਡ ਟਰੰਪ ਅਮਰੀਕਾ ਦੇ ਰਾਸ਼ਟਰਪਤੀ ਚੁਣੇ ਜਾਣ ਤੇ ਜਾਂ ਫਿਰ ਡੈਮੋਕ੍ਰੈਟਿਕ ਉਮੀਦਵਾਰ ਜੋਅ ਬਾਇਡਨ ਜਿੱਤਣ|