ਨਿਊਯਾਰਕ: ਅਮਰੀਕਾ ਦੇ ਨੇਵਾਰਕ ਲਿਬਰਟੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਇੱਕ ਭਾਰਤੀ ਵਿਦਿਆਰਥੀ ਨੂੰ ਹੱਥਕੜੀ ਲਗਾ ਕੇ ਡਿਪੋਰਟ ਕੀਤੇ ਜਾਣ ਦਾ ਵੀਡੀਓ ਸਾਹਮਣੇ ਆਈ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇੱਕ ਵੀਡੀਓ ਵਿੱਚ ਵਿਦਿਆਰਥੀ ਨੂੰ ਜ਼ਮੀਨ ‘ਤੇ ਪਿਆ ਹੋਇਆ ਦਿਖਾਇਆ ਗਿਆ ਹੈ ਜਦੋਂ ਕਿ ਘੱਟੋ-ਘੱਟ ਚਾਰ ਅਧਿਕਾਰੀ ਉਸਨੂੰ ਫੜ ਕੇ ਰੱਖਦੇ ਹਨ, ਜਿਨ੍ਹਾਂ ਵਿੱਚੋਂ ਦੋ ਦੇ ਗੋਡੇ ਉਸਦੀ ਪਿੱਠ ‘ਤੇ ਹਨ। ਉਨ੍ਹਾਂ ਨੇ ਵਿਦਿਆਰਥੀ ਦੀਆਂ ਲੱਤਾਂ ਅਤੇ ਹੱਥ ਬੰਨ੍ਹ ਦਿੱਤੇ ਸਨ। ਵੀਡੀਓ ਵਿੱਚ ਵਿਦਿਆਰਥੀ ਨੂੰ ਰੋਂਦੇ ਹੋਏ ਦੇਖਿਆ ਜਾ ਸਕਦਾ ਹੈ।
ਚਸ਼ਮਦੀਦ ਗਵਾਹ ਦੁਆਰਾ ਰਿਕਾਰਡ ਕੀਤੀ ਗਈ ਇੱਕ ਵੀਡੀਓ ਵਿੱਚ ਪੁਲਿਸ ਅਧਿਕਾਰੀ ਭਾਰਤੀ ਵਿਦਿਆਰਥੀ ਨਾਲ ਇੱਕ ਅਪਰਾਧੀ ਵਾਂਗ ਵਿਵਹਾਰ ਕਰਦੇ ਦਿਖਾਈ ਦੇ ਰਹੇ ਹਨ। ਪੁਲਿਸ ਅਧਿਕਾਰੀ ਕਹਿ ਰਹੇ ਸਨ ਕਿ ਉਨ੍ਹਾਂ ਨੂੰ ਹਿੰਦੀ ਸਮਝ ਨਹੀਂ ਆਉਂਦੀ। ਉਹ ਹਰਿਆਣਵੀ ਭਾਸ਼ਾ ਵਿੱਚ ਬੋਲ ਰਿਹਾ ਸੀ। ਚਸ਼ਮਦੀਦ ਗਵਾਹ ਨੇ ਸੋਚਿਆ ਕਿ ਸ਼ਾਇਦ ਉਹ ਉਸਦੀ ਮਦਦ ਕਰ ਸਕਦਾ ਹੈ। ਉਹ ਉੱਥੇ ਗਿਆ ਅਤੇ ਇੱਕ ਪੁਲਿਸ ਅਧਿਕਾਰੀ ਨੂੰ ਪੁੱਛਿਆ ਕਿ ਕੀ ਉਹ ਉਸਨੂੰ ਇਹ ਸਮਝਣ ਵਿੱਚ ਮਦਦ ਕਰ ਸਕਦਾ ਹਾਂ ਕਿ ਉਹ ਕੀ ਕਹਿ ਰਿਹਾ ਹੈ। ਪਰ ਉਨ੍ਹਾਂ ਨੇ ਚਸ਼ਮਦੀਦ ਗਵਾਹ ਨੂੰ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ।
ਭਾਰਤੀ ਕੌਂਸਲੇਟ ਜਨਰਲ ਨੇ ਸੋਮਵਾਰ ਨੂੰ ਕਿਹਾ ਕਿ ਇੱਕ ਭਾਰਤੀ ਵਿਅਕਤੀ ਨੂੰ ਹੱਥਕੜੀ ਲਗਾ ਕੇ ਦੇਸ਼ ਨਿਕਾਲਾ ਦਿੱਤੇ ਜਾਣ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਉਹ ਸਥਾਨਕ ਅਧਿਕਾਰੀਆਂ ਦੇ ਸੰਪਰਕ ਵਿੱਚ ਹਨ। ਭਾਰਤੀ ਦੂਤਾਵਾਸ ਨੇ ਸੋਮਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਸਾਂਝਾ ਕਰਦੇ ਹੋਏ ਕਿਹਾ ਸਾਨੂੰ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਜਾਣਕਾਰੀ ਮਿਲੀ ਹੈ ਕਿ ਇੱਕ ਭਾਰਤੀ ਨਾਗਰਿਕ ਨੂੰ ਨੇਵਾਰਕ ਲਿਬਰਟੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਅਸੀਂ ਇਸ ਮਾਮਲੇ ਵਿੱਚ ਸਥਾਨਿਕ ਅਧਿਕਾਰੀਆਂ ਦੇ ਸੰਪਰਕ ਵਿੱਚ ਹਾਂ। ਦੂਤਾਵਾਸ ਨੇ ਇਹ ਵੀ ਕਿਹਾ ਕਿ ਉਹ ਭਾਰਤੀ ਨਾਗਰਿਕਾਂ ਦੀ ਭਲਾਈ ਲਈ “ਹਮੇਸ਼ਾ ਵਚਨਬੱਧ” ਹੈ।