ਸੇਲਮਾ:ਅਮਰੀਕਾ ਦੇ ਦੱਖਣੀ ਹਿੱਸੇ ਵਿਚ ਤੂਫ਼ਾਨ ਕਾਰਨ ਕਾਫ਼ੀ ਨੁਕਸਾਨ ਹੋਇਆ ਹੈ। ਅਲਬਾਮਾ ਤੇ ਜੌਰਜੀਆ ਸੂਬੇ ਵਿਚ ਛੇ ਲੋਕਾਂ ਦੀ ਮੌਤ ਹੋ ਗਈ ਹੈ। ਹਜ਼ਾਰਾਂ ਘਰਾਂ ਦੀ ਬੱਤੀ ਤੂਫ਼ਾਨ ਕਾਰਨ ਗੁੱਲ ਹੋ ਗਈ ਹੈ। ਕਈ ਘਰਾਂ ਦੀਆਂ ਕੰਧਾਂ ਢਹਿ ਗਈਆਂ ਹਨ ਤੇ ਛੱਤਾਂ ਉੱਡ ਗਈਆਂ ਹਨ। ਵੱਖ-ਵੱਖ ਥਾਈਂ ਦਰੱਖਤ ਜੜ੍ਹੋਂ ਪੁੱਟੇ ਗਏ ਹਨ। ਅਲਬਾਮਾ ਦੀ ਔਟੌਗਾ ਕਾਊਂਟੀ ਵਿਚ 40-50 ਘਰਾਂ ਨੂੰ ਨੁਕਸਾਨ ਪੁੱਜਾ ਹੈ ਤੇ ਛੇ ਮੌਤਾਂ ਹੋਈਆਂ ਹਨ। ਇਸ ਤੋਂ ਇਲਾਵਾ 12 ਜਣੇ ਫੱਟੜ ਵੀ ਹੋਏ ਹਨ। ਜੌਰਜੀਆ ਵਿਚ ਇਕ ਵਿਅਕਤੀ ’ਤੇ ਦਰੱਖਤ ਡਿੱਗਣ ਕਾਰਨ ਉਸ ਦੀ ਮੌਤ ਹੋ ਗਈ। ਐਟਲਾਂਟਾ ਵਿਚ ਤੂਫ਼ਾਨ ਨੇ ਇਕ ਮਾਲਗੱਡੀ ਨੂੰ ਪੱਟੜੀ ਤੋਂ ਲਾਹ ਦਿੱਤਾ। ਦੱਖਣੀ ਤੇ ਉੱਤਰੀ ਕੈਰੋਲੀਨਾ ਵਿਚ ਵੀ ਨੁਕਸਾਨ ਦੀ ਸੂਚਨਾ ਹੈ। ਕੈਂਟਕੀ ਸੂਬੇ ਵਿਚ ਵੀ ਤੂਫਾਨ ਨੇ ਤਬਾਹੀ ਮਚਾਈ ਹੈ।