ਹੈਲਨਡੇਲ ਬੀਚ (ਅਮਰੀਕਾ), 21 ਸਤੰਬਰ
ਮੰਗਲਵਾਰ ਤੜਕੇ ਫਲੋਰਿਡਾ ਦੇ ਵੈਂਡੀਜ਼ ਰੈਸਤਰਾਂ ਦੇ ਡਰਾਈ-ਥਰੂ ਇਲਾਕੇ ਵਿੱਚ ਬੰਦੂਕਧਾਰੀ ਵਿਅਕਤੀ ਨੇ ਗੋਲੀਆਂ ਚਲਾਈਆਂ ਜਿਸ ਕਾਰਨ ਤਿੰਨ ਜਣਿਆਂ ਦੀ ਮੌਤ ਹੋ ਗਈ ਹੈ। ਹੈਲਨਡੇਲ ਬੀਚ ਪੁਲੀਸ ਅਨੁਸਾਰ ਹਮਲਾਵਰ ਫ਼ਰਾਰ ਹੋ ਗਿਆ ਹੈ ਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ। ਪੁਲੀਸ ਨੇ ਘਟਨਾ ਬਾਰੇ ਕੁਝ ਵੇਰਵੇ ਵੀ ਜਾਰੀ ਕੀਤੇ ਹਨ ਤੇ ਕਿਹਾ ਹੈ ਕਿ ਮਰਨ ਵਾਲੇ ਵਿਅਕਤੀ ਰੈਸਤਰਾਂ ਦੇ ਮੁਲਾਜ਼ਮ ਨਹੀਂ ਹਨ। ਫਿਲਹਾਲ ਮ੍ਰਿਤਕਾਂ ਦੇ ਨਾਂ ਜਾਰੀ ਨਹੀਂ ਕੀਤੇ ਗਏ ਹਨ। ਚਸ਼ਮਦੀਦਾਂ ਅਨੁਸਾਰ ਇਹ ਘਟਨਾ ਅਮਰੀਕੀ ਸਮੇਂ ਅਨੁਸਾਰ ਸਵੇਰੇ ਇਕ ਵਜੇ ਵਾਪਰੀ ਤੇ ਹਮਲਾਵਰ ਨੇ ਲਗਭਗ ਦਸ ਗੋਲੀਆਂ ਚਲਾਈਆਂ। ਪੁਲੀਸ ਕਪਤਾਨ ਮੇਗਨ ਜੌਨਸ ਅਨੁਸਾਰ ਸਿਕਿਉਰਿਟੀ ਵੀਡੀਓ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਕਿ ਘਟਨਾ ਬਾਰੇ ਹੋਰ ਪਤਾ ਲੱਗ ਸਕੇ।