ਯੂਕਰੇਨ ਵਿਚ ਤਿੰਨ ਸਾਲ ਤੋਂ ਚੱਲ ਰਹੀ ਜੰਗ ਨੂੰ ਖਤਮ ਕਰਨ ਦੀ ਮੰਗ ਕੀਤੀ
ਸੰਯੁਕਤ ਰਾਸ਼ਟਰ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਾਰਜਕਾਲ ’ਚ ਅੰਤਰ-ਅਟਲਾਂਟਿਕ ਸਬੰਧਾਂ ’ਚ ਨਾਟਕੀ ਬਦਲਾਅ ਆਇਆ ਹੈ। ਅਮਰੀਕਾ ਨੇ ਸੋਮਵਾਰ ਨੂੰ ਯੂਕਰੇਨ ਜੰਗ ਨੂੰ ਖਤਮ ਕਰਨ ਦੀ ਮੰਗ ਕਰਨ ਵਾਲੇ ਸੰਯੁਕਤ ਰਾਸ਼ਟਰ ਦੇ ਤਿੰਨ ਪ੍ਰਸਤਾਵਾਂ ’ਤੇ ਵੋਟਿੰਗ ਕੀਤੀ ਅਤੇ ਯੂਕਰੇਨ ’ਤੇ ਹਮਲੇ ਲਈ ਰੂਸ ਨੂੰ ਜ਼ਿੰਮੇਵਾਰ ਠਹਿਰਾਉਣ ਤੋਂ ਇਨਕਾਰ ਕਰ ਦਿਤਾ ਅਤੇ ਇਸ ਮੁੱਦੇ ’ਤੇ ਅਪਣੇ ਯੂਰਪੀ ਸਹਿਯੋਗੀਆਂ ਤੋਂ ਵੱਖ ਰੁਖ ਅਪਣਾਇਆ।
ਇਹ ਪ੍ਰਸਤਾਵ ਸੰਯੁਕਤ ਰਾਸ਼ਟਰ ਵਿਚ ਪੇਸ਼ ਕੀਤੇ ਗਏ ਸਨ, ਜਿਸ ਵਿਚ ਯੂਕਰੇਨ ਵਿਚ ਤਿੰਨ ਸਾਲ ਤੋਂ ਚੱਲ ਰਹੀ ਜੰਗ ਨੂੰ ਖਤਮ ਕਰਨ ਦੀ ਮੰਗ ਕੀਤੀ ਗਈ ਸੀ।ਅਮਰੀਕਾ ਅਤੇ ਰੂਸ ਨੇ ਸੰਯੁਕਤ ਰਾਸ਼ਟਰ ਮਹਾਸਭਾ ਵਿਚ ਯੂਰਪ ਸਮਰਥਿਤ ਯੂਕਰੇਨ ਪ੍ਰਸਤਾਵ ਵਿਰੁਧ ਵੋਟ ਦਿਤੀ। ਪ੍ਰਸਤਾਵ ਵਿਚ ਰੂਸ ਦੀ ਹਮਲਾਵਰਤਾ ਦੀ ਨਿੰਦਾ ਕੀਤੀ ਗਈ ਹੈ ਅਤੇ ਰੂਸੀ ਫ਼ੌਜੀਆਂ ਨੂੰ ਤੁਰਤ ਵਾਪਸ ਬੁਲਾਉਣ ਦੀ ਮੰਗ ਕੀਤੀ ਗਈ ਹੈ।
ਇਸ ਤੋਂ ਬਾਅਦ ਅਮਰੀਕਾ ਨੇ ਖ਼ੁਦ ਨੂੰ ਮੁਕਾਬਲੇਬਾਜ਼ੀ ਵਾਲੇ ਮਤੇ ’ਤੇ ਵੋਟਿੰਗ ਤੋਂ ਖ਼ੁਦ ਨੂੰ ਵੱਖ ਕਰ ਲਿਆ, ਕਿਉਂਕਿ ਫ਼ਰਾਂਸ ਦੀ ਅਗਵਾਈ ’ਚ ਯੂਰਪੀ ਦੇਸ਼ਾਂ ਨੇ ਇਸ ’ਚ ਸੋਧ ਕਰ ਕੇ ਇਹ ਸਪੱਸ਼ਟ ਕਰ ਦਿਤਾ ਕਿ ਰੂਸ ਹੀ ਹਮਲਾਵਰ ਹੈ। ਇਹ ਵੋਟਿੰਗ ਅਜਿਹੇ ਸਮੇਂ ਹੋਈ ਜਦੋਂ ਰਾਸ਼ਟਰਪਤੀ ਡੋਨਾਲਡ ਟਰੰਪ ਵਾਸ਼ਿੰਗਟਨ ਵਿਚ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦੀ ਮੇਜ਼ਬਾਨੀ ਕਰ ਰਹੇ ਸਨ।
ਇਸ ਤੋਂ ਬਾਅਦ ਅਮਰੀਕਾ ਨੇ 193 ਮੈਂਬਰੀ ਵਿਸ਼ਵ ਸੰਸਥਾ ਦੀ ਤਾਕਤਵਰ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵਿਚ ਅਪਣੇ ਮੂਲ ਖਰੜੇ ’ਤੇ ਵੋਟਿੰਗ ਲਈ ਦਬਾਅ ਪਾਇਆ। ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੇ ਸਥਾਈ ਮੈਂਬਰਾਂ ਅਮਰੀਕਾ, ਰੂਸ, ਚੀਨ, ਬਰਤਾਨੀਆਂ ਅਤੇ ਫਰਾਂਸ ਕੋਲ ਵੀਟੋ ਸ਼ਕਤੀ ਹੈ। 15 ਮੈਂਬਰੀ ਪ੍ਰੀਸ਼ਦ ਨੇ ਸਿਫ਼ਰ ਦੇ ਮੁਕਾਬਲੇ 10 ਵੋਟਾਂ ਪਾਈਆਂ, ਜਦਕਿ ਪੰਜ ਦੇਸ਼ਾਂ ਨੇ ਇਸ ਵਿਚ ਹਿੱਸਾ ਨਹੀਂ ਲਿਆ। ਇਹ ਸਾਰੇ ਯੂਰਪੀਅਨ ਦੇਸ਼ ਸਨ।
ਰਾਸ਼ਟਰਪਤੀ ਬਣਨ ਤੋਂ ਬਾਅਦ ਸੰਘਰਸ਼ ਦਾ ਜਲਦੀ ਹੱਲ ਲੱਭਣ ਲਈ ਰੂਸ ਨਾਲ ਟਰੰਪ ਦੀ ਅਚਾਨਕ ਗੱਲਬਾਤ ਨੇ ਯੂਕਰੇਨ ਨਾਲ ਅਮਰੀਕਾ ਦੇ ਸਬੰਧਾਂ ਨੂੰ ਤਣਾਅਪੂਰਨ ਬਣਾ ਦਿਤਾ ਹੈ ਅਤੇ ਯੂਰਪੀਅਨ ਨੇਤਾਵਾਂ ਨੂੰ ਨਿਰਾਸ਼ ਕਰ ਦਿਤਾ ਹੈ ਕਿ ਉਨ੍ਹਾਂ ਨੂੰ ਅਤੇ ਯੂਕਰੇਨ ਨੂੰ ਪਿਛਲੇ ਹਫਤੇ ਮਾਸਕੋ ਨਾਲ ਮੁੱਢਲੀ ਗੱਲਬਾਤ ਤੋਂ ਬਾਹਰ ਰੱਖਿਆ ਗਿਆ ਸੀ।
ਸੋਮਵਾਰ ਨੂੰ ਪਹਿਲੀ ਵੋਟਿੰਗ ਵਿਚ ਜਨਰਲ ਅਸੈਂਬਲੀ ਨੇ ਯੂਕਰੇਨ ਦੇ ਪ੍ਰਸਤਾਵ ਨੂੰ 18 ਦੇ ਮੁਕਾਬਲੇ 93 ਵੋਟਾਂ ਨਾਲ ਮਨਜ਼ੂਰੀ ਦੇ ਦਿਤੀ, ਜਦਕਿ 65 ਮੈਂਬਰ ਗੈਰ ਹਾਜ਼ਰ ਰਹੇ। ਨਤੀਜੇ ਵਜੋਂ ਯੂਕਰੇਨ ਲਈ ਸਮਰਥਨ ਘਟਦਾ ਜਾਪਦਾ ਹੈ ਕਿਉਂਕਿ ਆਖਰੀ ਵੋਟਿੰਗ ’ਚ 140 ਤੋਂ ਵੱਧ ਦੇਸ਼ਾਂ ਨੇ ਰੂਸ ਦੀ ਹਮਲਾਵਰਤਾ ਦੀ ਨਿੰਦਾ ਕੀਤੀ ਅਤੇ ਰੂਸੀ ਫ਼ੌਜੀਆਂ ਨੂੰ ਤੁਰਤ ਵਾਪਸ ਬੁਲਾਉਣ ਦੀ ਮੰਗ ਕੀਤੀ।
ਇਸ ਤੋਂ ਬਾਅਦ ਅਸੈਂਬਲੀ ਨੇ ਰੂਸ-ਯੂਕਰੇਨ ਸੰਘਰਸ਼ ਦੌਰਾਨ ਜਾਨਾਂ ਦੇ ਦੁਖਦਾਈ ਨੁਕਸਾਨ ’ਤੇ ਅਮਰੀਕੀ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿਤੀ। ਪ੍ਰਸਤਾਵ ਵਿਚ ਯੂਕਰੇਨ ਅਤੇ ਰੂਸ ਵਿਚਾਲੇ ਸੰਘਰਸ਼ ਨੂੰ ਜਲਦੀ ਖਤਮ ਕਰਨ ਅਤੇ ਸਥਾਈ ਸ਼ਾਂਤੀ ਦੀ ਮੰਗ ਕੀਤੀ ਗਈ ਹੈ, ਹਾਲਾਂਕਿ ਇਸ ਵਿਚ ਕਿਤੇ ਵੀ ਰੂਸੀ ਹਮਲੇ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ।
ਇਕ ਹੈਰਾਨੀਜਨਕ ਕਦਮ ’ਚ ਫਰਾਂਸ ਨੇ ਤਿੰਨ ਸੋਧਾਂ ਦਾ ਪ੍ਰਸਤਾਵ ਰੱਖਿਆ ਹੈ, ਜਿਨ੍ਹਾਂ ਦਾ 100 ਤੋਂ ਵੱਧ ਯੂਰਪੀਅਨ ਦੇਸ਼ਾਂ ਨੇ ਸਮਰਥਨ ਕੀਤਾ ਹੈ। ਪ੍ਰਸਤਾਵ ’ਚ ਕਿਹਾ ਗਿਆ ਹੈ ਕਿ ਇਹ ਸੰਘਰਸ਼ ‘ਰੂਸੀ ਫੈਡਰੇਸ਼ਨ ਵਲੋਂ ਯੂਕਰੇਨ ’ਤੇ ਪੂਰੇ ਪੱਧਰ ’ਤੇ ਹਮਲਾ’ ਦਾ ਨਤੀਜਾ ਸੀ। ਰੂਸ ਨੇ ਸੰਘਰਸ਼ ਦੇ ‘ਮੂਲ ਕਾਰਨਾਂ’ ਨੂੰ ਹੱਲ ਕਰਨ ਲਈ ਇਕ ਸੋਧ ਦਾ ਪ੍ਰਸਤਾਵ ਵੀ ਦਿਤਾ।
ਸਾਰੀਆਂ ਸੋਧਾਂ ਨੂੰ ਮਨਜ਼ੂਰੀ ਦੇ ਦਿਤੀ ਗਈ ਅਤੇ ਪ੍ਰਸਤਾਵ ਨੂੰ 93 ਦੇ ਮੁਕਾਬਲੇ ਅੱਠ ਵੋਟਾਂ ਨਾਲ ਪਾਸ ਕਰ ਦਿਤਾ ਗਿਆ। ਕੁਲ 73 ਮੈਂਬਰਾਂ ਨੇ ਵੋਟਿੰਗ ਤੋਂ ਗੈਰ ਹਾਜ਼ਰ ਰਹੇ। ਯੂਕਰੇਨ ਨੇ ਪ੍ਰਸਤਾਵ ਦੇ ਹੱਕ ਵਿਚ ਵੋਟ ਪਾਈ, ਅਮਰੀਕਾ ਗੈਰ ਹਾਜ਼ਰ ਰਿਹਾ ਅਤੇ ਰੂਸ ਨੇ ਇਸ ਦੇ ਵਿਰੁਧ ਵੋਟ ਪਾਈ।