ਵਾਸ਼ਿੰਗਟਨ/ਯੋਰੋਸ਼ਲਮ/ਕਾਠਮੰਡੂ, 10 ਦਸੰਬਰ
ਅਮਰੀਕਾ ਦੇ ਸਿਖਰਲੇ ਅਧਿਕਾਰੀਆਂ ਨੇ ਭਾਰਤ ਦੇ ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਬਿਪਿਨ ਰਾਵਤ ਦੀ ਹੈਲੀਕਾਪਟਰ ਹਾਦਸੇ ਵਿੱਚ ਮੌਤ ’ਤੇ ਦੁੱਖ ਜਤਾਉਂਦਿਆਂ ਜਨਰਲ ਰਾਵਤ ਨੂੰ ਅਸਾਧਾਰਨ ਆਗੂ, ਵਡਮੁੱਲੇ ਭਾਈਵਾਲ ਅਤੇ ਅਮਰੀਕਾ-ਭਾਰਤ ਰੱਖਿਆ ਸਬੰਧਾਂ ਦਾ ਵੱਡਾ ਸਮਰਥਕ ਕਰਾਰ ਦਿੱਤਾ ਹੈ। ਅਧਿਕਾਰੀਆਂ ਨੇ ਕਿਹਾ ਕਿ ਦੋਵਾਂ ਮੁਲਕਾਂ ਦਰਮਿਆਨ ਦੁਵੱਲੀ ਰਣਨੀਤਕ ਭਾਈਵਾਲੀ ਨੂੰ ਮਜ਼ਬੂਤ ਕਰਨ ਵਿੱਚ ਜਨਰਲ ਰਾਵਤ ਵੱਡੇ ਮਦਦਗਾਰ ਸਨ। ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਤੇ ਰੱਖਿਆ ਮੰਤਰੀ ਲੌਇਡ ਆਸਟਿਨ ਨੇ ਜਨਰਲ ਰਾਵਤ ਵੱਲੋਂ ਦੋਵਾਂ ਮੁਲਕਾਂ ਦੇ ਰੱਖਿਆ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਨਿਭਾਈ ਭੂਮਿਕਾ ਦੀ ਤਾਰੀਫ਼ ਕੀਤੀ ਹੈ। ਬਲਿੰਕਨ ਨੇ ਕਿਹਾ, ‘‘ਭਾਰਤ ਦੇ ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਰਾਵਤ, ਉਨ੍ਹਾਂ ਦੀ ਪਤਨੀ ਤੇ ਹੋਰਨਾਂ ਸਾਥੀਆਂ ਦੀ ਦਰਦਨਾਕ ਹਾਦਸੇ ’ਚ ਹੋਈ ਮੌਤ ’ਤੇ ਡੂੰਘੀਆਂ ਸੰਵੇਦਨਾਵਾਂ ਜ਼ਾਹਿਰ ਕਰਦਾ ਹਾਂ।’’ ਬਲਿੰਕਨ ਨੇ ਕਿਹਾ, ‘‘ਅਸੀਂ ਜਨਰਲ ਰਾਵਤ ਨੂੰ ਅਸਾਧਾਰਨ ਆਗੂ ਵਜੋਂ ਯਾਦ ਕਰਾਂਗੇ, ਜਿਨ੍ਹਾਂ ਆਪਣੇ ਦੇਸ਼ ਦੀ ਸੇਵਾ ਕੀਤੀ ਤੇ ਯੂਐੱਸ-ਭਾਰਤ ਰੱਖਿਆ ਸਬੰਧਾਂ ’ਚ ਯੋਗਦਾਨ ਪਾਇਆ। ਰੱਖਿਆ ਮੰਤਰੀ ਆਸਟਿਨ ਨੇ ਕਿਹਾ, ‘‘ਜਨਰਲ ਰਾਵਤ ਨੇ ਯੂਐੱਸ-ਭਾਰਤ ਰੱਖਿਆ ਭਾਈਵਾਲੀ ਦੇ ਰਾਹ ਵਿੱਚ ਅਮਿੱਟ ਪੈੜਾਂ ਛੱਡੀਆਂ ਹਨ ਤੇ ਭਾਰਤੀ ਹਥਿਆਰਬੰਦ ਬਲਾਂ ਦੀ ਕਾਇਆ ਕਲਪ ਪਿੱਛੇ ਉਨ੍ਹਾਂ ਦੀ ਕੇਂਦਰੀ ਭੂਮਿਕਾ ਸੀ।’’ ਅਮਰੀਕਾ ਦੇ ਜੁਆਇੰਟ ਚੀਫ਼ ਆਫ਼ ਸਟਾਫ਼ ਜਨਰਲ ਮਾਕਰ ਮਿਲੀ ਨੇ ਜਨਰਲ ਰਾਵਤ ਨੂੰ ਦੋਸਤ ਵਜੋਂ ਯਾਦ ਕਰਦਿਆਂ ਸ਼ਰਧਾਂਜਲੀ ਦਿੱਤੀ। ਉਨ੍ਹਾਂ ਕਿਹਾ ਕਿ ਜਨਰਲ ਰਾਵਤ ਦੀ ਕਮੀ ਮਹਿਸੂਸ ਹੋਵੇਗੀ। ਮਿਲੀ ਨੇ ਇਕ ਟਵੀਟ ਵਿੱਚ ਸਤੰਬਰ ਵਿੱਚ ਜਨਰਲ ਰਾਵਤ ਦੀ ਵਾਸ਼ਿੰਗਟਨ ਫੇਰੀ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ।
ਉਧਰ ਇਜ਼ਰਾਈਲ ਨੇ ਜਨਰਲ ਬਿਪਿਨ ਰਾਵਤ ਨੂੰ ‘ਸੱਚੇ ਆਗੂ ਤੇ ਸੱਚੇ ਦੋਸਤ’ ਵਜੋਂ ਯਾਦ ਕੀਤਾ ਹੈ। ਇਜ਼ਰਾਈਲ ਦੇ ਸਿਖਰਲੇ ਆਗੂਆਂ ਨੇ ਹੈਲੀਕਾਪਟਰ ਹਾਦਸੇ ਵਿਚ ਜਨਰਲ ਰਾਵਤ ਤੇ ਹੋਰਨਾਂ ਦੀਆਂ ਗਈਆਂ ਜਾਨਾਂ ’ਤੇ ਅਫਸੋਸ ਜਤਾਇਆ ਹੈ। ਇਜ਼ਰਾਇਲੀ ਪ੍ਰਧਾਨ ਮੰਤਰੀ ਨਫ਼ਤਾਲੀ ਬੈਨੇਟ ਨੇ ਟਵੀਟ ਕੀਤਾ, ‘‘ਮੇਰੀਆਂ ਭਾਵਨਾਵਾਂ ਤੇ ਪ੍ਰਾਰਥਨਾਵਾਂ ਪੀੜਤ ਪਰਿਵਾਰਾਂ ਨਾਲ ਹਨ। ਪਰਮਾਤਮਾ ਉਨ੍ਹਾਂ ਦੀਆਂ ਰੂਹਾਂ ਨੂੰ ਸ਼ਾਂਤੀ ਬਖ਼ਸ਼ੇ।’’ ਨੇਪਾਲ ਦੇ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦਿਓਬਾ ਨੇ ਵੀ ਜਨਰਲ ਰਾਵਤ ਤੇ ਹੋਰਨਾਂ ਦੀ ਹੈਲੀਕਾਪਟਰ ਹਾਦਸੇ ’ਚ ਗਈਆਂ ਜਾਨਾਂ ’ਤੇ ਦੁੱਖ ਦਾ ਇਜ਼ਹਾਰ ਕੀਤਾ ਹੈ।