ਪੇਈਚਿੰਗ, 28 ਅਕਤੂਬਰ

ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀਐੱਲਏ) ਦੇ ਇਕ ਖੋਜਕਰਤਾ ਨੇ ਚੀਨੀ ਸੈਨਾ ਦੇ ਇਕ ਸਾਲਾਨਾ ਸੰਮੇਲਨ ਵਿੱਚ ਅੱਜ ਖੁਲਾਸਾ ਕੀਤਾ ਕਿ ਅਮਰੀਕਾ ਦੇ ਜੰਗੀ ਬੇੜਿਆਂ ਤੇ ਜਹਾਜ਼ਾਂ ਨੇ ਇਸ ਸਾਲ ਚੀਨ ਵਿੱਚ 2 ਹਜ਼ਾਰ ਤੋਂ ਵੱਧ ਜਾਸੂਸੀ ਮਿਸ਼ਨ ਚਲਾਏ ਹਨ। ਉਨ੍ਹਾਂ ਕਿਹਾ ਕਿ ਦੋਹਾਂ ਦੇਸ਼ਾਂ ਵਿੱਚ ਮੌਜੂਦਾ ਦੁਸ਼ਮਨੀ ਦੌਰਾਨ ਅਮਰੀਕਾ ਵੱਲੋਂ ਚਲਾਏ ਗਏ ਜਾਸੂਸੀ ਮਿਸ਼ਨ ਚੀਨ ਦੀ ਸੁਰੱਖਿਆ ਲਈ ਵੱਡਾ ਖਤਰਾ ਹਨ। ਪੀਐੱਲਏ ਦੀ ਅਕੈਡਮੀ ਆਫ਼ ਮਿਲਟਰੀ ਸਾਇੰਸ ਦੇ ਖੋਜਕਰਤਾ ਕਾਓ ਯਾਨਜੌਂਗ ਨੇ ਕਿਹਾ ਕਿ ਇਨ੍ਹਾਂ ਮਿਸ਼ਨਾਂ ਵਿੱਚ ਚੀਨ ਦੇ ਕਬਜ਼ੇ ਵਾਲੇ ਸਮੁੰਦਰੀ ਦੀਪਾਂ ਅਤੇ ਵਿਵਾਦਤ ਦੱਖਣੀ ਚੀਨ ਸਾਗਰ ਵਿੱਚ ਚੱਟਾਨਾਂ ਦੇ ਨਾਲ ਚੀਨ ਦੇ ਤੱਟੀ ਖੇਤਰਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਜਾਸੂਸੀ ਨਾਲ ਚੀਨ ਦੀ ਸੁਰੱਖਿਆ ਨੂੰ ਵੰਡਾ ਖਤਰਾ ਪੈਦਾ ਹੋ ਸਕਦਾ ਹੈ ਤੇ ਖੇਤਰੀ ਤਨਾਅ ਵੀ ਵਧੇਗਾ। ਜ਼ਿਕਰਯੋਗ ਹੈ ਕਿ ਚੀਨ ਤੇ ਅਮਰੀਕਾ ਵਪਾਰ ਸਣੇ ਕਈ ਵਿਸ਼ਿਆਂ ਨੂੰ ਲੈ ਕੇ ਟਕਰਾਅ ਵਿੱਚ ਉਲਝੇ ਹੋਏ ਹਨ।