ਇਸਲਾਮਾਬਾਦ, 29 ਜੁਲਾਈ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਹੈ ਕਿ ਅਮਰੀਕਾ ਨੇ ਅਫ਼ਗਾਨਿਸਤਾਨ ਵਿਚ ‘ਸੱਚੀਂ-ਮੁੱਚੀ ਖ਼ਿਲਾਰਾ ਪਾ ਦਿੱਤਾ ਹੈ।’ ਇਮਰਾਨ ਨੇ 2001 ਵਿਚ ਅਮਰੀਕਾ ਦੇ ਅਫ਼ਗਾਨਿਸਤਾਨ ’ਚ ਜਬਰੀ ਦਾਖਲ ਹੋਣ ਦੇ ਮੰਤਵਾਂ ਉਤੇ ਵੀ ਸਵਾਲ ਉਠਾਏ ਤੇ ਉਸ ਤੋਂ ਬਾਅਦ ਕਮਜ਼ੋਰੀ ਦੀ ਹਾਲਤ ’ਚ ਤਾਲਿਬਾਨ ਨਾਲ ਗੱਲਬਾਤ ਕਰਨ ਦੇ ਕਈ ਯਤਨਾਂ ਨੂੰ ਵੀ ਸਵਾਲਾਂ ਦੇ ਘੇਰੇ ਵਿਚ ਲਿਆਂਦਾ।
ਖਾਨ ਨੇ ਕਿਹਾ ਕਿ ਅਫ਼ਗਾਨਿਸਤਾਨ ਦੀ ਸਥਿਤੀ ਦਾ ਇਕੋ-ਇਕ ਚੰਗਾ ਹੱਲ ਸਿਆਸੀ ਸਮਝੌਤੇ ਵਿਚੋਂ ਨਿਕਲਦਾ ਹੈ ਜਿਸ ਵਿਚ ਸਾਰਿਆਂ ਦੇ ਹਿੱਤ ਸ਼ਾਮਲ ਹੋਣ, ਤਾਲਿਬਾਨ ਦੇ ਵੀ। ਅਮਰੀਕੀ ਖ਼ਬਰ ਪ੍ਰੋਗਰਾਮ ‘ਪੀਬੀਐੱਸ ਨਿਊਜ਼ਆਵਰ’ ’ਚ ਜੂਡੀ ਵੁੱਡਰੱਫ ਨਾਲ ਇਕ ਇੰਟਰਵਿਊ ਵਿਚ ਖਾਨ ਨੇ ਕਿਹਾ ਕਿ ਅਮਰੀਕਾ ਨੇ ਸੱਚਮੁੱਚ ਅਫ਼ਗਾਨਿਸਤਾਨ ਦੀ ਸਥਿਤੀ ਨੂੰ ਬਹੁਤ ਗੁੰਝਲਦਾਰ ਕਰ ਦਿੱਤਾ ਹੈ। ਤਾਲਿਬਾਨ ਨਾਲ ਹੋਈ ਸਮਝੌਤੇ ਮੁਤਾਬਕ ਅਮਰੀਕਾ ਤੇ ਇਸ ਦੇ ‘ਨਾਟੋ’ ਸਾਥੀ ਇਸ ਗੱਲ ਲਈ ਸਹਿਮਤ ਹੋਏ ਹਨ ਕਿ ਉਹ ਉਹ ਆਪਣੀਆਂ ਫ਼ੌਜਾਂ ਅਫ਼ਗਾਨਿਸਤਾਨ ਵਿਚੋਂ ਕੱਢ ਲੈਣਗੇ ਤੇ ਬਦਲੇ ਵਿਚ ਦਹਿਸ਼ਤਗਰਦ ਸੰਗਠਨ ਨੇ ਵਚਨਬੱਧਤਾ ਪ੍ਰਗਟ ਕੀਤੀ ਹੈ ਕਿ ਉਹ ਆਪਣੇ ਕਬਜ਼ੇ ਵਾਲੇ ਇਲਾਕਿਆਂ ਵਿਚ ਕੱਟੜਵਾਦੀ ਗਰੁੱਪਾਂ ਨੂੰ ਕਾਰਵਾਈਆਂ ਕਰਨ ਤੋਂ ਰੋਕਣਗੇ। ਅਮਰੀਕੀ ਸੈਨਾ 31 ਅਗਸਤ ਤੱਕ ਅਫ਼ਗਾਨਿਸਤਾਨ ਵਿਚੋਂ ਨਿਕਲ ਰਹੀ ਹੈ। ਜ਼ਿਕਰਯੋਗ ਹੈ ਕਿ ਤਾਲਿਬਾਨ ਨੇ 1996 ਤੋਂ ਲੈ ਕੇ 2001 ਤੱਕ ਅਫ਼ਗਾਨਿਸਤਾਨ ਉਤੇ ਰਾਜ ਕੀਤਾ ਸੀ। ਖਾਨ ਨੇ ਅਮਰੀਕਾ ਦੀ ਨਿਖੇਧੀ ਕਰਦਿਆਂ ਕਿਹਾ ਕਿ ‘ਉਨ੍ਹਾਂ ਮਸਲੇ ਦਾ ਹੱਲ ਫ਼ੌਜੀ ਰਸਤੇ ਰਾਹੀਂ ਕੱਢਣ ਦੀ ਕੋਸ਼ਿਸ਼ ਕੀਤੀ, ਜਦ ਕਿ ਅਜਿਹਾ ਕੋਈ ਹੱਲ ਨਹੀਂ ਸੀ, ਅਸੀਂ ਅਫ਼ਗਾਨਿਸਤਾਨ ਦੇ ਇਤਿਹਾਸ ਨੂੰ ਜਾਣਦੇ ਹਾਂ।’ ਉਨ੍ਹਾਂ ਕਿਹਾ ਕਿ ਜਦ ਤੱਕ ਅਮਰੀਕਾ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਇਸ ਮਸਲੇ ਦਾ ਕੋਈ ਫ਼ੌਜੀ ਹੱਲ ਨਹੀਂ ਹੈ ਉਦੋਂ ਤੱਕ ਅਮਰੀਕਾ ਤੇ ਨਾਟੋ ਮੁਲਕਾਂ ਦੀ ਸਮਝੌਤਾ ਕਰਨ ਦੀ ਤਾਕਤ ਖ਼ਤਮ ਹੋ ਚੁੱਕੀ ਸੀ। ਉਨ੍ਹਾਂ ਕਿਹਾ ਕਿ ਤਾਲਿਬਾਨ ਹੁਣ ਆਪਣੇ ਆਪ ਨੂੰ ਜਿੱਤਿਆ ਹੋਇਆ ਸਮਝ ਰਿਹਾ ਹੈ। ਪਾਕਿ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਮਸਲੇ ਦਾ ਹੱਲ ਸਿਆਸੀ ਤੌਰ ’ਤੇ ਹੀ ਕੱਢਿਆ ਜਾ ਸਕਦਾ ਹੈ ਤੇ ਤਾਲਿਬਾਨ ਯਕੀਨੀ ਤੌਰ ’ਤੇ ਸਰਕਾਰ ਦਾ ਹਿੱਸਾ ਬਣੇਗਾ। ਖਾਨ ਨੇ ਕਿਹਾ ਕਿ ‘ਮਾੜੀ ਤੋਂ ਮਾੜੀ ਸਥਿਤੀ ਵਿਚ ਅਫ਼ਗਾਨਿਸਤਾਨ ਵਿਚ ਖਾਨਾਜੰਗੀ ਦਾ ਮਾਹੌਲ ਵੀ ਬਣ ਸਕਦਾ ਹੈ, ਇਸ ਨਾਲ ਵੱਡਾ ਸ਼ਰਨਾਰਥੀ ਸੰਕਟ ਵੀ ਖੜ੍ਹਾ ਹੋ ਸਕਦਾ ਹੈ।’