ਨਵੀਂ ਦਿੱਲੀ, 19 ਜੂਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ 21 ਤੋਂ 23 ਜੂਨ ਤੱਕ ਅਮਰੀਕਾ ਦੀ ਮਹੱਤਵਪੂਰਨ ਯਾਤਰਾ ਉਤੇ ਹੋਣਗੇ ਜਿਸ ਵਿਚ ਦੋਵਾਂ ਧਿਰਾਂ ਦਰਮਿਆਨ ‘ਰੱਖਿਆ ਉਦਯੋਗਿਕ ਸਹਿਯੋਗ’ ਦੀ ਰੂਪ-ਰੇਖਾ, ਉੱਭਰਦੀਆਂ ਤੇ ਮਹੱਤਵਪੂਰਨਾਂ ਤਕਨੀਕਾਂ ਸਣੇ ਕਈ ਅਹਿਮ ਖੇਤਰਾਂ ਵਿਚ ਸਹਿਯੋਗ ਸਬੰਧੀ ਠੋਸ ਸਿੱਟਿਆਂ ਦੇ ਸਾਹਮਣੇ ਆਉਣ ਦੀ ਉਮੀਦ ਹੈ। ਪ੍ਰਧਾਨ ਮੰਤਰੀ ਦੀ ਅਮਰੀਕਾ ਯਾਤਰਾ ਬਾਰੇ ਵਿਦੇਸ਼ ਸਕੱਤਰ ਵਿਨੈ ਮੋਹਨ ਕਵਾਤਰਾ ਨੇ ਅੱਜ ਮੀਡੀਆ ਨੂੰ ਦੱਸਿਆ ਕਿ, ‘ਇਹ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ’ਚ ਇਕ ਮੀਲ ਪੱਥਰ ਹੋਵੇਗੀ।’ ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਦੀ ਯਾਤਰਾ ਦੌਰਾਨ ਰੱਖਿਆ ਉਦਯੋਗਿਕ ਸਹਿਯੋਗ, ਉੱਭਰਦੀਆਂ ਤੇ ਅਹਿਮ ਤਕਨੀਕਾਂ ਦੇ ਖੇਤਰ ’ਚ ਸਹਿਯੋਗ, ਪੁਲਾੜ, ਸਹਿ-ਨਿਰਮਾਣ ਦੇ ਖੇਤਰ ਵਿਚ ਸਬੰਧਾਂ ਦੇ ਵਿਸਤਾਰ ਉਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ। ਕਵਾਤਰਾ ਨੇ ਕਿਹਾ ਕਿ ਇਸ ਮੌਕੇ ਸਹਿ-ਉਤਪਾਦਨ ਤੇ ਸਹਿ-ਵਿਕਾਸ ਨਾਲ ਜੁੜੇ ਸਾਰੇ ਪਹਿਲੂਆਂ ਉਤੇ ਚਰਚਾ ਹੋ ਸਕਦੀ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਯਾਤਰਾ ਬਾਰੇ ਜਾਣਕਾਰੀ ਦਿੰਦੇ ਹੋਏ ਵਿਦੇਸ਼ ਸਕੱਤਰ ਵਿਨੈ ਮੋਹਨ ਕਵਾਤਰਾ। -ਫੋਟੋ: ਪੀਟੀਆਈ
ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਦਰਮਿਆਨ ਫ਼ੌਜੀ ਪੱਧਰ ਉਤੇ ਕਈ ਅਭਿਆਸ ਹੋਏ ਹਨ, ਇਨ੍ਹਾਂ ਵਿਚ ਕੁਝ ਦੁਵੱਲੇ ਤੇ ਕੁਝ ਖੇਤਰੀ ਕਿਸਮ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਹਥਿਆਰਬੰਦ ਬਲਾਂ ਵਿਚਾਲੇ ਵੀ ਸਟਾਫ ਪੱਧਰ ਉਤੇ ਸੰਪਰਕ ਹੈ। ਵਿਦੇਸ਼ ਸਕੱਤਰ ਨੇ ਕਿਹਾ ਕਿ ਭਾਰਤ ਨੇ ਅਮਰੀਕੀ ਉਪਕਰਨਾਂ ਦੀ ਤਾਇਨਾਤੀ ਕੀਤੀ ਹੈ ਤੇ ਇਨ੍ਹਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਗੌਰਤਲਬ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 20-25 ਜੂਨ ਤੱਕ ਅਮਰੀਕਾ ਤੇ ਮਿਸਰ ਦੀ ਯਾਤਰਾ ਉਤੇ ਜਾ ਰਹੇ ਹਨ। ਇਸ ਦੌਰਾਨ ਉਹ ਦੋਵਾਂ ਦੇਸ਼ਾਂ ਵਿਚਾਲੇ ਪਹਿਲਾਂ ਤੋਂ ਮਜ਼ਬੂਤ ਰਿਸ਼ਤਿਆਂ ਨੂੰ ਹੋਰ ਬਿਹਤਰ ਕਰਨ ਉਤੇ ਚਰਚਾ ਕਰਨਗੇ। ਵਿਦੇਸ਼ ਸਕੱਤਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਵਾਸ਼ਿੰਗਟਨ ਯਾਤਰਾ ਦਾ ਇਕ ਮਹੱਤਵਪੂਰਨ ਪਹਿਲੂ ਭਾਰਤ-ਅਮਰੀਕਾ ਵਿਚਾਲੇ ਮਜ਼ਬੂਤ ਤਕਨੀਕੀ ਗੱਠਜੋੜ ਕਾਇਮ ਕਰਨਾ ਤੇ ਆਰਥਿਕ ਸਬੰਧਾਂ ਨੂੰ ਬਿਹਤਰ ਬਣਾਉਣਾ ਹੈ। ਇਕ ਸਵਾਲ ਦੇ ਜਵਾਬ ਵਿਚ ਵਿਦੇਸ਼ ਸਕੱਤਰ ਨੇ ਕਿਹਾ ਕਿ ਭਾਰਤ ਤੇ ਅਮਰੀਕਾ ਦੇ ਰੱਖਿਆ ਸਹਿਯੋਗ ਨੂੰ ਇਕ ਸੀਮਤ ਨਜ਼ਰ ਨਾਲ ਦੇਖਣ ਦੀ ਬਜਾਏ, ਇਸ ਗੱਲ ਉਤੇ ਧਿਆਨ ਦੇਣਾ ਚਾਹੀਦਾ ਹੈ ਕਿ ਇਹ ਸਹਿਯੋਗ ਕਾਫੀ ਵਿਆਪਕ ਹੈ। ਪ੍ਰਧਾਨ ਮੰਤਰੀ ਮੋਦੀ ਦੀ ਅਮਰੀਕਾ ਯਾਤਰਾ ਨਿਊਯਾਰਕ ਤੋਂ ਸ਼ੁਰੂ ਹੋਵੇਗੀ, ਜਿੱਥੇ ਉਹ 21 ਜੂਨ ਨੂੰ ਨਿਊਯਾਰਕ ਸਥਿਤ ਸੰਯੁਕਤ ਰਾਸ਼ਟਰ ਹੈੱਡਕੁਆਰਟਰ ਵਿਚ ਕੌਮਾਂਤਰੀ ਯੋਗ ਦਿਵਸ ਸਮਾਰੋਹ ਦੀ ਅਗਵਾਈ ਕਰਨਗੇ। ਯੋਗ ਦਿਵਸ ਸਮਾਰੋਹ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਵਾਸ਼ਿੰਗਟਨ ਡੀਸੀ ਜਾਣਗੇ, ਜਿੱਥੇ 22 ਜੂਨ ਨੂੰ ਵਾਈਟ ਹਾਊਸ ਵਿਚ ਉਨ੍ਹਾਂ ਦਾ ਰਵਾਇਤੀ ਸਵਾਗਤ ਹੋਵੇਗਾ। ਉੱਥੇ ਉਹ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨਾਲ ਮੁਲਾਕਾਤ ਕਰਨਗੇ। ਰਾਸ਼ਟਰਪਤੀ ਜੋਅ ਬਾਇਡਨ ਤੇ ਉਨ੍ਹਾਂ ਦੀ ਪਤਨੀ ‘ਪ੍ਰਥਮ ਮਹਿਲਾ’ ਜਿਲ ਬਾਇਡਨ 22 ਜੂਨ ਦੀ ਸ਼ਾਮ ਮੋਦੀ ਦੇ ਸਨਮਾਨ ਵਿਚ ਰਾਤਰੀ ਭੋਜ ਦੀ ਮੇਜ਼ਬਾਨੀ ਕਰਨਗੇ। ਮੋਦੀ 22 ਜੂਨ ਨੂੰ ਅਮਰੀਕੀ ਕਾਂਗਰਸ ਦੀ ਸੰਯੁਕਤ ਬੈਠਕ ਨੂੰ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ 23 ਜੂਨ ਨੂੰ ਕਈ ਪ੍ਰਮੁੱਖ ਕੰਪਨੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ, ਪੇਸ਼ੇਵਰਾਂ ਤੇ ਹੋਰਾਂ ਨਾਲ ਮੁਲਾਕਾਤ ਕਰਨਗੇ। ਉਹ ਭਾਰਤੀ-ਅਮਰੀਕੀ ਭਾਈਚਾਰੇ ਦੇ ਲੋਕਾਂ ਨੂੰ ਵੀ ਮਿਲਣਗੇ। 23 ਜੂਨ ਨੂੰ ਹੀ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਤੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਮੋਦੀ ਦੇ ਸਨਮਾਨ ’ਚ ਦੁਪਹਿਰ ਦੇ ਭੋਜਨ ਦੀ ਮੇਜ਼ਬਾਨੀ ਕਰਨਗੇ। ਇਸੇ ਦਿਨ ਪ੍ਰਧਾਨ ਮੰਤਰੀ ਰੀਗਨ ਸੈਂਟਰ ਵਿਚ ਭਾਰਤੀ-ਅਮਰੀਕੀਆਂ ਨੂੰ ਸੰਬੋਧਨ ਕਰਨਗੇ।