ਵਾਸ਼ਿੰਗਟਨ : ਅਮਰੀਕਾ ਵਿਚ ਨਾਜਾਇਜ਼ ਤਰੀਕੇ ਨਾਲ ਦਾਖਲ ਹੋ ਰਹੇ ਪ੍ਰਵਾਸੀਆਂ ਦਾ ਅੰਕੜਾ ਇਕ ਕਰੋੜ ਤੋਂ ਟੱਪ ਗਿਆ ਹੈ। ਜੀ ਹਾਂ, ਨਿਊ ਯਾਰਕ ਪੋਸਟ ਦੀ ਰਿਪੋਰਟ ਮੁਤਾਬਕ ਜੋਅ ਬਾਇਡਨ ਦੇ ਸੱਤਾ ਸੰਭਾਲਣ ਮਗਰੋਂ 90 ਲੱਖ ਪ੍ਰਵਾਸੀਆਂ ਨੂੰ ਬਾਰਡਰ ਏਜੰਟਾਂ ਨੇ ਮੈਕਸੀਕੋ ਅਤੇ ਕੈਨੇਡਾ ਨਾਲ ਲਗਦੀਆਂ ਸਰਹੱਦਾਂ ’ਤੇ ਰੋਕਿਆ ਜਦਕਿ 10 ਲੱਖ ਪ੍ਰਵਾਸੀ ਚੁੱਪ ਚੁਪੀਤੇ ਅਮਰੀਕਾ ਦਾਖਲ ਹੋਣ ਵਿਚ ਸਫਲ ਹੋ ਗਏ। ਐਨੀ ਵੱਡੀ ਗਿਣਤੀ ਵਿਚ ਪ੍ਰਵਾਸੀਆਂ ਦੀ ਆਮਦ ਕਾਰਨ ਅਮਰੀਕਾ ਵਿਚ ਬੇਰੁਜ਼ਗਾਰੀ ਦਰ ਵਧਣੀ ਸ਼ੁਰੂ ਹੋ ਗਈ ਹੈ।
10 ਲੱਖ ਪ੍ਰਵਾਸੀ ਬਾਰਡਰ ਏਜੰਟਾਂ ਤੋਂ ਅੱਖ ਬਚਾ ਕੇ ਅਮਰੀਕਾ ਦਾਖਲ ਹੋਣ ਵਿਚ ਸਫਲ
ਜੀ ਹਾਂ, ਫੈਡਰਲ ਰਿਜ਼ਰਵ ਦੇ ਮੁਖੀ ਜਿਰੋਮ ਪੌਵਲ ਨੇ ਵਿਆਜ ਦਰਾਂ ਵਿਚ ਅੱਧਾ ਫੀ ਸਦੀ ਕਟੌਤੀ ਕਰਦਿਆਂ ਕਿਹਾ ਕਿ ਮੁਲਕ ਵਿਚ ਪਿਛਲੇ ਤਿੰਨ ਮਹੀਨੇ ਤੋਂ ਸਿਰਫ਼ ਇਕ ਲੱਖ ਨਵੀਆਂ ਨੌਕਰੀਆਂ ਹਰ ਮਹੀਨੇ ਪੈਦਾ ਹੋ ਰਹੀਆਂ ਹਨ ਅਤੇ ਇਹ ਰੁਝਾਨ ਅੱਗੇ ਵੀ ਜਾਰੀ ਰਿਹਾ ਤਾਂ ਬੇਰੁਜ਼ਗਾਰੀ ਦਰ ਤੇਜ਼ੀ ਨਾਲ ਵਧਣੀ ਸ਼ੁਰੂ ਹੋ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਮੌਜੂਦਾ ਵਰ੍ਹੇ ਦੌਰਾਨ ਵਿਆਜ ਦਰਾਂ ਵਿਚ ਘੱਟੋ ਘੱਟ ਦੋ ਕਟੌਤੀਆਂ ਹੋਰ ਕੀਤੀਆਂ ਜਾਣਗੀਆਂ। ਅਮਰੀਕਾ ਵਿਚ 2008 ਦੀ ਮੰਦੀ ਮਗਰੋਂ ਪਹਿਲੀ ਵਾਰ ਵਿਆਜ ਦਰਾਂ ਵਿਚ ਇਕੋ ਵਾਰ ਅੱਧਾ ਫੀ ਸਦੀ ਕਟੌਤੀ ਕੀਤੀ ਗਈ ਹੈ ਅਤੇ ਵਿਰੋਧੀ ਧਿਰ ਇਸ ਕਦਮ ਨੂੰ ਸਿਆਸੀ ਕਰਾਰ ਦੇ ਰਹੀ ਹੈ। ਸਿਰਫ ਐਨਾ ਹੀ ਨਹੀਂ ਵਿਆਜ ਦਰਾਂ ਵਿਚ ਦੋ ਹੋਰ ਕਟੌਤੀਆਂ ਦਾ ਅਗਾਊਂ ਐਲਾਨ ਵੀ ਵਿਰੋਧੀ ਧਿਰ ਨੂੰ ਹਜ਼ਮ ਨਹੀਂ ਹੋ ਰਿਹਾ। ਵਿਆਜ ਦਰ ਵਿਚ ਕਟੌਤੀ ਦੇ ਐਲਾਨ ਮਗਰੋਂ ਸ਼ੇਅਰ ਬਾਜ਼ਾਰ ਮੁਢਲੇ ਤੌਰ ’ਤੇ ਉਪਰ ਗਏ ਪਰ ਮੁਨਾਫਾਖੋਰੀ ਸ਼ੁਰੂ ਹੋਣ ਮਗਰੋਂ ਬਾਜ਼ਾਰ ਹੇਠਾਂ ਵੱਲ ਆ ਗਿਆ। ਜਿਰੋਮ ਪੌਵਲ ਦਾ ਕਹਿਣਾ ਸੀ ਕਿ ਜਦੋਂ ਲੱਖਾਂ ਦੀ ਗਿਣਤੀ ਵਿਚ ਲੋਕ ਲੇਬਰ ਫੋਰਸ ਵਿਚ ਸ਼ਾਮਲ ਹੋ ਰਹੇ ਹੋਣ ਤਾਂ ਬੇਰੁਜ਼ਗਾਰੀ ਵਧਣੀ ਲਾਜ਼ਮੀ ਹੈ।