ਵਸ਼ਿੰਗਟਨ, 25 ਅਗਸਤ

ਅਮਰੀਕੀ ਕਾਂਗਰਸ ਦੇ ਦੋ ਮੈਂਬਰਾਂ ਨੇ ਬਿਨਾਂ ਕਿਸੇ ਅਗਾਊਂ ਸੂਚਨਾ ਦੇ ਮੰਗਲਵਾਰ ਰਾਤ ਨੂੰ ਅਫਗਾਨਿਸਤਾਨ ਦਾ ਦੌਰਾ ਕੀਤਾ ਅਤੇ ਕਈ ਘੰਟੇ ਕਾਬੁਲ ਦੇ ਹਵਾਈ ਅੱਡੇ ’ਤੇ ਹੀ ਰਹੇ। ਇਸੇ ਦੌਰਾਨ ਵਿਦੇਸ਼ ਵਿਭਾਗ ਤੇ ਅਮਰੀਕੀ ਸੈਨਿਕਾਂ ਨੂੰ ਇਨ੍ਹਾਂ ਦੋਹਾਂ ਸੰਸਦ ਮੈਂਬਰਾਂ ਨੂੰ ਸੁਰੱਖਿਆ ਅਤੇ ਸੂਚਨਾ ਪ੍ਰਦਾਨ ਕਰਨ ਲਈ ਕਾਫੀ ਮੁਸ਼ੱਕਤ ਕਰਨੀ ਪਈ। ਇਹ ਜਾਣਕਾਰੀ ਅਮਰੀਕੀ ਅਧਿਕਾਰੀਆਂ ਨੇ ਦਿੱਤੀ ਹੈ। ਵੇਰਵਿਆਂ ਅਨੁਸਾਰ ਪੀਟਰ ਮੀਜਰ ਤੇ ਸੇਠ ਮੌਲਟਨ ਮੰਗਲਵਾਰ ਨੂੰ ਵਿਸ਼ੇਸ਼ ਜਹਾਜ਼ ਰਾਹੀਂ ਕਾਬੁਲ ਹਵਾਈ ਅੱਡੇ ’ਤੇ ਉਤਰੇ ਤੇ ਇਸੇ ਜਹਾਜ਼ ਰਾਹੀਂ ਅਮਰੀਕਾ ਪਰਤੇ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਮੈਂਬਰਾਂ ਦੇ ਰੂਪ ਵਜੋਂ ਉਨ੍ਹਾਂ ਦਾ ਕਰਤਵ ਹੈ ਕਿ ਉਹ ਪੂਰੀ ਕਾਰਜਪ੍ਰਣਾਲੀ ’ਤੇ ਨਜ਼ਰ ਰੱਖਣ। ਉਨ੍ਹਾਂ ਨੇ ਇਹ ਯਾਤਰਾ ਗੁਪਤ ਤਰੀਕੇ ਨਾਲ ਕੀਤੀ ਅਤੇ ਕਾਬੁਲ ਹਵਾਈ ਅੱਡੇ ’ਤੇ ਸਥਿਤੀ ਦਾ ਜਾਇਜ਼ਾ ਲਿਆ। ਇਹ ਦੋਵੇਂ ਸੰਸਦ ਮੈਂਬਰ ਜਦੋਂ ਅਮਰੀਕੀ ਸੈਨਾ ਵਿੱਚ ਭਰਤੀ ਸਨ ਤਾਂ ਉਨ੍ਹਾਂ ਨੇ ਅਫ਼ਗਾਨਿਸਤਾਨ ਵਿੱਚ ਵੀ ਆਪਣੀਆਂ ਸੇਵਾਵਾਂ ਦਿੱਤੀਆਂ ਸਨ।