ਡੇਨਵਰ: ਅਮਰੀਕਾ ਦੇ ਡੇਨਵਰ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਵੀਰਵਾਰ ਨੂੰ ਅਮਰੀਕਨ ਏਅਰਲਾਈਨਜ਼ ਦੇ ਜਹਾਜ਼ ਨੂੰ ਅੱਗ ਲੱਗ ਗਈ। ਅੱਗ ਲੱਗਣ ਤੋਂ ਬਾਅਦ ਸਵਾਰੀਆਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸ ਤੋਂ ਬਾਅਦ ਮੁਸਾਫਰਾਂ ਨੂੰ ਤੁਰੰਤ ਬਾਹਰ ਕੱਢਿਆ ਗਿਆ। ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (FAA) ਨੇ ਇੱਕ ਬਿਆਨ ਵਿੱਚ ਕਿਹਾ ਕਿ ਫਲਾਈਟ 1006, ਕੋਲੋਰਾਡੋ ਸਪ੍ਰਿੰਗਸ ਹਵਾਈ ਅੱਡੇ ਤੋਂ ਡੱਲਾਸ-ਫੋਰਟ ਵਰਥ ਵੱਲ ਜਾ ਰਹੀ ਸੀ, ਨੂੰ ਡੇਨਵਰ ਵੱਲ ਮੋੜ ਦਿੱਤਾ ਗਿਆ ਸੀ। ਚਾਲਕ ਦਲ ਵੱਲੋਂ ਇੰਜਣ ਫੇਲ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਸ਼ਾਮ 5.15 ਵਜੇ ਇਸ ਨੂੰ ਸੁਰੱਖਿਅਤ ਉਤਾਰਿਆ ਗਿਆ।

FAA ਨੇ ਦੱਸਿਆ ਕਿ ਬੋਇੰਗ 737-800 ਦੇ ਇੰਜਣ ਨੂੰ ਅੱਗ ਲੱਗ ਗਈ ਸੀ। ਹਵਾਈ ਅੱਡੇ ਦੇ ਬੁਲਾਰੇ ਨੇ ਮੀਡੀਆ ਨੂੰ ਦੱਸਿਆ ਕਿ ਵੀਰਵਾਰ ਦੁਪਹਿਰ ਨੂੰ ਜਦੋਂ ਅੱਗ ਲੱਗੀ ਤਾਂ ਜਹਾਜ਼ ‘ਸੀ38’ ਗੇਟ ‘ਤੇ ਸੀ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਤਸਵੀਰਾਂ ‘ਚ ਜਹਾਜ਼ ਦੇ ਆਲੇ-ਦੁਆਲੇ ਧੂੰਆਂ ਦਿਖਾਈ ਦੇ ਰਿਹਾ ਹੈ। ਏਅਰਲਾਈਨਜ਼ ਦੇ ਅਧਿਕਾਰੀਆਂ ਨੇ ਦੱਸਿਆ ਕਿ 172 ਯਾਤਰੀਆਂ ਅਤੇ ਚਾਲਕ ਦਲ ਦੇ ਛੇ ਮੈਂਬਰਾਂ ਨੂੰ ਟਰਮੀਨਲ ‘ਤੇ ਪਹੁੰਚਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਹਵਾਈ ਅੱਡੇ ਦੇ ਬੁਲਾਰੇ ਨੇ ਦੱਸਿਆ ਕਿ ਅੱਗ ਬੁਝਾਊ ਅਮਲੇ ਨੇ ਸ਼ਾਮ ਤੱਕ ਅੱਗ ‘ਤੇ ਕਾਬੂ ਪਾ ਲਿਆ। FAA ਨੇ ਕਿਹਾ ਕਿ ਉਹ ਘਟਨਾ ਦੀ ਜਾਂਚ ਕਰੇਗਾ।