ਵਾਸ਼ਿੰਗਟਨ, 31 ਅਗਸਤ

ਕਾਬੁਲ ਤੋਂ ਅਮਰੀਕਾ ਦਾ ਆਖ਼ਰੀ ਜਹਾਜ਼ ਉਡਣ ਦੇ ਕੁਝ ਘੰਟਿਆਂ ਬਾਅਦ ਰਾਸ਼ਟਰਪਤੀ ਜੋਅ ਬਾਇਡਨ ਨੇ ਅੱਜ ਕਿਹਾ ਕਿ ਅਫ਼ਗਾਨਿਸਤਾਨ ਵਿਚ ਅਮਰੀਕਾ ਦੀ ਸਭ ਤੋਂ ਲੰਮੀ ਜੰਗ ਖ਼ਤਮ ਹੋ ਗਈ ਹੈ। 20 ਸਾਲ ਚੱਲੀ ਜੰਗ ਵਿਚ ਅਮਰੀਕਾ ਦੇ ਕਰੀਬ 2500 ਸੈਨਿਕ ਮਾਰੇ ਗਏ। ਸੀ17 ਜਹਾਜ਼ ਦੇ ਉਡਣ ਸਾਰ ਹੀ ਅਮਰੀਕਾ ਨੇ ਉਸੇ ਇਸਲਾਮਿਕ ਦਹਿਸ਼ਤਗਰਦ ਸੰਗਠਨ ਨੂੰ ਸੱਤਾ ਵਾਪਸ ਸੌਂਪ ਦਿੱਤੀ ਜਿਸ ਕੋਲ 2001 ਵਿਚ ਖੋਹੀ ਸੀ। ਬਾਇਡਨ ਨੇ ਖ਼ਤਰਿਆਂ ਦੇ ਬਾਵਜੂਦ ਅਮਰੀਕੀ ਸੈਨਾ ਵੱਲੋਂ ਲੋਕਾਂ ਨੂੰ ਕੱਢਣ ਲਈ ਚਲਾਈ ਮੁਹਿੰਮ ਲਈ ਫ਼ੌਜ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਏਅਰਲਿਫਟ ਮਿਸ਼ਨ ਖ਼ਤਮ ਹੈ। 31 ਤਰੀਕ ਨੂੰ ਮਿਸ਼ਨ ਖ਼ਤਮ ਕਰਨ ਦਾ ਫ਼ੈਸਲਾ ਫ਼ੌਜੀਆਂ ਦਾ ਜਾਨ ਬਚਾਉਣ ਤੇ ਉਨ੍ਹਾਂ ਖਾਤਰ ਲਿਆ ਗਿਆ ਹੈ ਜੋ ਆਉਣ ਵਾਲੇ ਦਿਨਾਂ-ਮਹੀਨਿਆਂ ਵਿਚ ਅਫ਼ਗਾਨ ਧਰਤੀ ਤੋਂ ਨਿਕਲਣਗੇ।