ਟੋਰਾਂਟੋ-ਇਸ ਸਾਲ 2 ਸਤੰਬਰ ਤੋਂ ਅਮਰੀਕਾ ਵਿੱਚ ਹਰ H1B ਅਤੇ F1 ਵੀਜ਼ਾ ਹੋਲਡਰ ਨੂੰ ਆਪਣਾ ਵੀਜ਼ਾ ਰੀਨਿਊ ਕਰਵਾਉਣ ਲਈ ਵਾਪਸ ਆਪਣੇ ਮੁਲਕ ਜਾਣਾ ਪਵੇਗਾ ਤੇ ਉੱਥੋਂ ਦੀ ਅੰਬੈਸੀ ਜਾਂ ਕੌਂਸਲੇਟ ਵਿੱਚ ਜਾ ਕੇ ਇੰਟਰਵਿਊ ਦੇਣੀ ਪਵੇਗੀ। ਇਸ ਵਿੱਚ ਦਿੱਤੀ ਛੋਟ (ਵੇਵਰ) ਵਿੱਚ ਇਹ ਕੈਟਾਗਰੀਆਂ ਸ਼ਾਮਲ ਨਹੀਂ ਹੋਣਗੀਆਂ।
ਇਹ ਫੈਸਲਾ ਅਮਰੀਕਾ ਵਿੱਚ ਰਹਿ ਰਹੇ ਭਾਰਤੀ ਤਕਨੀਕੀ ਕਾਮਿਆਂ ਲਈ ਨੁਕਸਾਨਦਾਇਕ ਹੋਵੇਗਾ, ਕਿਉਂਕਿ ਲਗਭਗ 80 ਫੀਸਦੀ ਰੀਨਿਊਅਲ ਭਾਰਤੀ ਲੋਕਾਂ ਵੱਲੋਂ ਹੁੰਦੇ ਹਨ। ਹੁਣ ਉਨ੍ਹਾਂ ਨੂੰ ਰੀਨਿਊਅਲ ਲਈ ਭਾਰਤ ਜਾਣਾ ਪਏਗਾ।
ਭਾਰਤ ਵਿੱਚ ਅਮਰੀਕੀ ਦੂਤਾਵਾਸਾਂ ਕੋਲ ਇੰਨੇ ਲੋਕਾਂ ਦੇ ਇੰਟਰਵਿਊ ਲੈਣ ਲਈ ਇੰਨਾ ਜ਼ਿਆਦਾ ਸਟਾਫ ਨਹੀਂ ਹੈ, ਜਿਸ ਕਾਰਨ ਉਨ੍ਹਾਂ ਨੂੰ ਲੰਬਾ ਇੰਤਜ਼ਾਰ ਕਰਨਾ ਪੈ ਸਕਦਾ ਹੈ।
ਦੱਸਣਯੋਗ ਹੈ ਕਿ ਟਰੰਪ ਅਤੇ ਮੈਗਾ ਸਮਰਥਕ ਅਮਰੀਕਾ ਦੀ ਟੈੱਕ ਇੰਡਸਟਰੀ ‘ਚੋਂ ਭਾਰਤੀ ਕਾਮਿਆਂ ਦੀ ਥਾਂ ਅਮਰੀਕਨ ਕਾਮਿਆਂ ਨੂੰ ਪਹਿਲ ਦੇਣ ਦੀ ਵਕਾਲਤ ਕਰਦੇ ਆ ਰਹੇ ਹਨ। ਉਨ੍ਹਾਂ ਦਾ ਤਰਕ ਹੈ ਕਿ ਅਮਰੀਕਨ ਕਾਮੇ ਮਹਿੰਗੇ ਹੋਣ ਕਾਰਨ ਇਹ ਕੰਪਨੀਆਂ ਭਾਰਤ ਤੋਂ ਵਰਕ ਪਰਮਿਟ ‘ਤੇ ਸਸਤੇ ਕਾਮੇ ਮੰਗਵਾ ਲੈਂਦੀਆਂ ਹਨ, ਜਿਸ ਨਾਲ ਅਮਰੀਕਨ ਨੌਜਵਾਨੀ ਦਾ ਨੁਕਸਾਨ ਹੋ ਰਿਹਾ ਹੈ।