ਕਿਊਬਿਕ— ਕੈਨੇਡਾ ਦੇ ਸੂਬੇ ਕਿਊਬਿਕ ‘ਚ ਜੀ-7 ਸਿਖਰ ਸੰਮੇਲਨ ਦੀ ਬੈਠਕ ਹੋਈ, ਜਿਸ ‘ਚ ਕੈਨੇਡਾ, ਅਮਰੀਕਾ, ਬ੍ਰਿਟੇਨ, ਫਰਾਂਸ, ਜਰਮਨੀ, ਜਾਪਾਨ ਅਤੇ ਇਟਲੀ ਦੇ ਨੇਤਾਵਾਂ ਨੇ ਹਿੱਸਾ ਲਿਆ। ਇਸ ਦੇ ਬਾਅਦ ਨੇਤਾਵਾਂ ਵੱਲੋਂ ਜਾਰੀ ਇਕ ਸਾਂਝੇ ਬਿਆਨ ‘ਚ ਵਪਾਰ ਦੇ ਰਾਹ ‘ਚ ਆ ਰਹੀਆਂ ਮੁਸ਼ਕਲਾਂ ਨੂੰ ਘੱਟ ਕਰਨ ਦਾ ਸੰਕਲਪ ਕੀਤਾ ਗਿਆ। ਇਹ ਬੈਠਕ ਅਜਿਹੇ ਸਮੇਂ ਹੋਈ ਹੈ ਜਦ ਦੁਨੀਆਭਰ ਦੇ ਕਈ ਦੇਸ਼ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਵਪਾਰਕ ਨੀਤੀ ਤੋਂ ਨਾਰਾਜ਼ ਹਨ। ਟਰੰਪ ਨੇ ਯੂਰਪੀ ਸੰਘ (ਈ. ਯੂ)., ਕੈਨੇਡਾ ਅਤੇ ਹੋਰ ਦੇਸ਼ਾਂ ਤੋਂ ਸਟੀਲ ਅਤੇ ਐਲੂਮੀਨੀਅਮ ਦੇ ਇੰਪੋਰਟ ‘ਤੇ ਟੈਰਿਫ ਥੋਪ ਦਿੱਤਾ ਹੈ। ਇਸ ਦੇ ਵਿਰੋਧ ‘ਚ ਟਰੰਪ ਦਾ ਕਹਿਣਾ ਹੈ ਕਿ ਯੂਰਪੀ ਸੰਘ, ਕੈਨੇਡਾ ਅਤੇ ਚੀਨ ਸਮੇਤ ਉਸ ਦੇ ਵੱਡੇ ਵਪਾਰਕ ਭਾਗੀਦਾਰਾਂ ਨੇ ਅਮਰੀਕਾ ਦੀ ਨਰਮ ਨੀਤੀ ਦਾ ਫਾਇਦਾ ਉਠਾਇਆ ਹੈ ਅਤੇ ਆਪਣੇ ਬਾਜ਼ਾਰਾਂ ਨੂੰ ਸੁਰੱਖਿਅਤ ਰੱਖਿਆ ਹੈ।
ਰਿਪੋਰਟਾਂ ਮੁਤਾਬਕ ਦੋ ਦਿਨਾਂ ਦੀ ਚਰਚਾ ‘ਚ ਅਮਰੀਕਾ , ਮੇਜ਼ਬਾਨ ਕੈਨੇਡਾ ਅਤੇ ਯੂਰਪੀ ਸੰਘ (ਈ.ਯੂ) ਦੇ ਨੇਤਾਵਾਂ ਵਿਚਕਾਰ ਤਿੱਖੀ ਬਹਿਸ ਹੋਈ। ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਸਟੀਲ ਅਤੇ ਐਲੂਮੀਨੀਅਮ ‘ਤੇ ਅਮਰੀਕੀ ਟੈਕਸ ਦੇ ਜਵਾਬ ‘ਚ ਅਮਰੀਕੀ ਸਾਮਾਨਾਂ ‘ਤੇ ਟੈਕਸ ਲਗਾਉਣ ਦੀ ਆਪਣੀ ਘੋਸ਼ਣਾ ‘ਤੇ ਕੰਮ ਕਰਨਗੇ। 8 ਪੇਜ਼ਾਂ ਦੇ ਘੋਸ਼ਣਾ ਪੱਤਰ ‘ਚ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਦਾ ਵੀ ਜ਼ਿਕਰ ਕੀਤਾ ਗਿਆ ਹੈ ਅਤੇ ਜੀ-7 ਨੇ ਸੰਕਲਪ ਕੀਤਾ ਹੈ ਕਿ ਉਹ ਮਿਲ ਕੇ ਇਹ ਨਿਸ਼ਚਿਤ ਕਰਨਗੇ ਕਿ ਈਰਾਨ ”ਕਦੇ ਵੀ ਪ੍ਰਮਾਣੂ ਹਥਿਆਰ ਦੀ ਤਲਾਸ਼, ਵਿਕਾਸ ਅਤੇ ਉਸ ਦੀ ਪ੍ਰਾਪਤੀ ਨਾ ਕਰ ਸਕੇ।” ਸਮੂਹ ਨੇ ਰੂਸ ਤੋਂ ਮੰਗ ਕੀਤੀ ਹੈ ਕਿ ਉਹ ਪੱਛਮ ਦੇ ਲੋਕਤੰਤਰੀ ਦੇਸ਼ਾਂ ਦੀ ਜੜ੍ਹ ਪੁੱਟਣ ਦੀ ਕੋਸ਼ਿਸ਼ ਬੰਦ ਕਰਨ।”
ਜੀ-7 ਦੇਸ਼ਾਂ ਦਾ ਮੰਨਣਾ ਹੈ ਕਿ ਜਲਵਾਯੂ ਪਰਿਵਰਤਨ ਅਤੇ ਇਸ ਨਾਲ ਨਜਿੱਠਣ ਦੇ ਮੁੱਦੇ ‘ਤੇ ਸਮੂਹ ਦੇ ਅੰਦਰ ਵੀ ਮਤਭੇਦ ਹਨ। ਜ਼ਿਕਰਯੋਗ ਹੈ ਕਿ ਟਰੰਪ ਨੇ ਅਮਰੀਕਾ ਨੂੰ ਪੈਰਿਸ ਸਮਝੌਤੇ ਤੋਂ ਵੱਖਰਾ ਕਰ ਲਿਆ ਹੈ।