ਪੇਈਚਿੰਗ, 19 ਜੂਨ
ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਚੀਨ ਦੇ ਨਾਲ ਵਧਦੇ ਤਣਾਅ ਨੂੰ ਘੱਟ ਕਰਨ ਦੇ ਮੰਤਵ ਨਾਲ ਚੀਨ ਦੀ ਆਪਣੀ ਦੋ ਦਿਨਾ ਯਾਤਰਾ ਦੇ ਆਖਰੀ ਦਿਨ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਕੀਤੀ। ਇਸ ਬੈਠਕ ਦੀ ਸੰਭਾਵਨਾ ਪਹਿਲਾਂ ਤੋਂ ਹੀ ਜਤਾਈ ਜਾ ਰਹੀ ਸੀ ਤੇ ਇਸ ਨੂੰ ਯਾਤਰਾ ਦੀ ਸਫ਼ਲਤਾ ਲਈ ਅਹਿਮ ਸਮਝਿਆ ਜਾ ਰਿਹਾ ਹੈ।

ਇਸ ਮੀਟਿੰਗ ਤੋਂ ਕੇਵਲ ਇਕ ਘੰਟਾ ਪਹਿਲਾਂ ਅਮਰੀਕੀ ਵਿਦੇਸ਼ ਮੰਤਰਾਲੇ ਦੇ ਇਕ ਅਧਿਕਾਰੀ ਨੇ ਇਸ ਬਾਰੇ ਐਲਾਨ ਕੀਤਾ। ਇਹ ਬੈਠਕ ‘ਗਰੇਟ ਹਾਲ ਆਫ ਦਿ ਪੀਪਲ’ ਵਿਚ ਹੋਈ। ਜੇਕਰ ਇਹ ਬੈਠਕ ਨਾ ਹੁੰਦੀ ਤਾਂ ਇਹ ਉੱਚ ਪੱਧਰ ਉਤੇ ਸੰਵਾਦ ਨੂੰ ਬਹਾਲ ਕਰਨ ਤੇ ਬਣਾਏ ਰੱਖਣ ਦੇ ਯਤਨਾਂ ਲਈ ਇਕ ਵੱਡਾ ਝਟਕਾ ਹੁੰਦਾ। ਬਲਿੰਕਨ ਤੇ ਸੀਨੀਅਰ ਚੀਨੀ ਅਧਿਕਾਰੀਆਂ ਵਿਚਾਲੇ ਪਹਿਲਾਂ ਹੋਈਆਂ ਬੈਠਕਾਂ ’ਚ ਦੋਵਾਂ ਧਿਰਾਂ ਨੇ ਵਾਰਤਾ ਦੀ ਇੱਛਾ ਜ਼ਾਹਿਰ ਕੀਤੀ ਸੀ ਪਰ ਉਨ੍ਹਾਂ ਆਪੋ-ਆਪਣੇ ਸਖ਼ਤ ਰੁਖ਼ ਤੋਂ ਪਿੱਛੇ ਹਟਣ ਦੀ ਇੱਛਾ ਨਹੀਂ ਦਿਖਾਈ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਦੇ ਅਹੁਦਾ ਸੰਭਾਲਣ ਤੋਂ ਬਾਅਦ ਬਲਿੰਕਨ ਚੀਨ ਦੀ ਯਾਤਰਾ ਕਰਨ ਵਾਲੇ ਪਹਿਲੇ ਅਮਰੀਕੀ ਵਿਦੇਸ਼ ਮੰਤਰੀ ਹਨ। ਇਸ ਨਾਲ ਸੀਨੀਅਰ ਅਮਰੀਕੀ ਤੇ ਚੀਨੀ ਆਗੂਆਂ-ਅਧਿਕਾਰੀਆਂ ਦੀਆਂ ਯਾਤਰਾਵਾਂ ਦਾ ਨਵਾਂ ਦੌਰ ਸ਼ੁਰੂ ਹੋਣ ਦੀ ਸੰਭਾਵਨਾ ਹੈ। ਅਜਿਹੀ ਸੰਭਾਵਨਾ ਹੈ ਕਿ ਇਸ ਤੋਂ ਬਾਅਦ ਆਉਣ ਵਾਲੇ ਮਹੀਨਿਆਂ ਵਿਚ ਸ਼ੀ ਤੇ ਬਾਇਡਨ ਵਿਚਾਲੇ ਵੀ ਬੈਠਕ ਹੋ ਸਕਦੀ ਹੈ। ਅਮਰੀਕਾ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਬਲਿੰਕਨ ਨੇ ਅੱਜ ਚੀਨ ਦੇ ਚੋਟੀ ਦੇ ਕੂਟਨੀਤਕ ਵਾਂਗ ਯੀ ਨਾਲ ਕਰੀਬ ਤਿੰਨ ਘੰਟੇ ਬੈਠਕ ਕੀਤੀ। ਚੀਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਬਲਿੰਕਨ ਦੀ ਯਾਤਰਾ ਅਜਿਹੇ ਸਮੇਂ ਹੋਈ ਹੈ, ਜਦ ‘ਚੀਨ-ਅਮਰੀਕਾ ਸਬੰਧ ਇਕ ਮਹੱਤਵਪੂਰਨ ਮੋੜ ਉਤੇ ਹਨ ਤੇ ਗੱਲਬਾਤ ਜਾਂ ਟਕਰਾਅ, ਸਹਿਯੋਗ ਜਾਂ ਸੰਘਰਸ਼ ਵਿਚਾਲੇ ਚੋਣ ਕਰਨੀ ਜ਼ਰੂਰੀ ਹੈ। ਚੀਨ ਨੇ ਰਿਸ਼ਤਿਆਂ ਦੇ ‘ਇਸ ਪੱਧਰ ਤੱਕ ਨਿੱਘਰਨ ਲਈ ਚੀਨ ਬਾਰੇ ਅਮਰੀਕੀ ਧਿਰ ਦੀ ਗਲਤ ਧਾਰਨਾ ਨੂੰ ਦੋਸ਼ੀ ਠਹਿਰਾਇਆ ਹੈ, ਜਿਸ ਕਾਰਨ ‘ਚੀਨ ਪ੍ਰਤੀ ਗਲਤ ਨੀਤੀਆਂ ਬਣਾਈਆਂ ਗਈਆਂ।’ ਚੀਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਦੋਵਾਂ ਮੁਲਕਾਂ ਦੇ ਸਬੰਧਾਂ ਵਿਚ ਗਿਰਾਵਟ ਨੂੰ ਰੋਕ ਕੇ ਉਸ ਨੂੰ ਇਕ ਸਿਹਤਮੰਦ ਤੇ ਸਥਿਰ ਸਥਿਤੀ ਵਿਚ ਲਿਆਉਣਾ ਅਮਰੀਕਾ ਦੀ ਜ਼ਿੰਮੇਵਾਰੀ ਹੈ। ਇਸ ਤੋਂ ਪਹਿਲਾਂ ਬਲਿੰਕਨ ਨੇ ਐਤਵਾਰ ਨੂੰ ਕਰੀਬ ਛੇ ਘੰਟੇ ਤੱਕ ਚੀਨ ਦੇ ਆਪਣੇ ਹਮਰੁਬਤਾ ਕਿਨ ਗੈਂਗ ਨਾਲ ਵਿਆਪਕ ਗੱਲਬਾਤ ਕੀਤੀ ਸੀ। ਹਾਲਾਂਕਿ ਅਜਿਹੇ ਕੋਈ ਸੰਕੇਤ ਨਹੀਂ ਮਿਲੇ ਕਿ ਦੋਵਾਂ ਦੇਸ਼ਾਂ ਵਿਚਾਲੇ ਜਿਨ੍ਹਾਂ ਮੁੱਦਿਆਂ ਉਤੇ ਵਿਵਾਦ ਹੈ, ਉਨ੍ਹਾਂ ਦੇ ਹੱਲ ਵੱਲ ਕੋਈ ਤਰੱਕੀ ਹੋਈ ਹੈ। ਦੋਵਾਂ ਧਿਰਾਂ ਨੇ ਕਿਹਾ ਕਿ ਕਿਨ ਨੇ ਬਲਿੰਕਨ ਵੱਲੋਂ ਵਾਸ਼ਿੰਗਟਨ ਆਉਣ ਦੇ ਦਿੱਤੇ ਸੱਦੇ ਨੂੰ ਪ੍ਰਵਾਨ ਕਰ ਲਿਆ ਹੈ। ਚੀਨ ਨੇ ਨਾਲ ਹੀ ਸਪੱਸ਼ਟ ਕੀਤਾ ਕਿ ਦੋਵਾਂ ਮੁਲਕਾਂ ਦੇ ਸਬੰਧ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ਉਤੇ ਹਨ।