ਹਿਊਸਟਨ,8 ਮਈ

ਅਮਰੀਕਾ ਦੇ ਸੂਬੇ ਟੈਕਸਸ ਵਿਚ ਇਕ ਬੰਦੂਕਧਾਰੀ ਵੱਲੋਂ ਕੀਤੀ ਗੋਲੀਬਾਰੀ ਵਿਚ 8 ਲੋਕ ਮਾਰੇ ਗਏ ਹਨ। ਪੁਲੀਸ ਨੇ ਬਾਅਦ ਵਿਚ ਹਮਲਾਵਰ ਨੂੰ ਵੀ ਹਲਾਕ ਕਰ ਦਿੱਤਾ। ਵੇਰਵਿਆਂ ਮੁਤਾਬਕ ਗੋਲੀਬਾਰੀ ਇਕ ਭੀੜ-ਭੜੱਕੇ ਵਾਲੇ ਮਾਲ ਵਿਚ ਕੀਤੀ ਗਈ। ਦੇਸ਼ ਵਿਚ ਲਗਾਤਾਰ ਹੋ ਰਹੀ ਬੰਦੂਕ ਹਿੰਸਾ ’ਚ ਇਹ ਨਵੀਂ ਘਟਨਾ ਜੁੜ ਗਈ ਹੈ। 

ਇਹ ਮਾਲ ਡੱਲਸ ਤੋਂ ਕਰੀਬ 25 ਮੀਲ ਦੂਰ ਹੈ ਤੇ ਇਸ ਵਿਚ 120 ਸਟੋਰ ਹਨ। ਬੰਦੂਕ ਨਾਲ ਲੈਸ ਵਿਅਕਤੀ ਨੇ ਸ਼ਨਿਚਰਵਾਰ ਬਾਅਦ ਦੁਪਹਿਰ 3.30 ਵਜੇ ‘ਐਲਨ ਪ੍ਰੀਮੀਅਮ ਆਊਟਲੈੱਟਸ’ ਵਿਚ ਉਸ ਵੇਲੇ ਗੋਲੀਬਾਰੀ ਸ਼ੁਰੂ ਕੀਤੀ ਜਦ ਵੱਡੀ ਗਿਣਤੀ ਲੋਕ ਖ਼ਰੀਦਦਾਰੀ ਲਈ ਉੱਥੇ ਪਹੁੰਚੇ ਹੋਏ ਸਨ। ਪੁਲੀਸ ਨੇ ਕਿਹਾ ਕਿ ਉਨ੍ਹਾਂ ਹਮਲਾਵਰ ਨੂੰ ਹਲਾਕ ਕਰ ਦਿੱਤਾ ਹੈ ਤੇ ਉਹ ਇਕੱਲਾ ਹੀ ਇਸ ਵਾਰਦਾਤ ਵਿਚ ਸ਼ਾਮਲ ਸੀ। ਗੋਲੀਆਂ ਚਲਾਉਣ ਵਾਲੇ ਤੇ ਪੀੜਤਾਂ ਦੀ ਸ਼ਨਾਖ਼ਤ ਕਰਨੀ ਅਜੇ ਬਾਕੀ ਹੈ। ਡੱਲਸ ਦੇ ਇਕ ਮੈਡੀਕਲ ਗਰੁੱਪ ਨੇ ਦੱਸਿਆ ਕਿ ਉਨ੍ਹਾਂ ਕੋਲ ਇਲਾਜ ਲਈ ਪੰਜ ਸਾਲ ਤੱਕ ਦੇ ਬੱਚੇ ਵੀ ਪਹੁੰਚੇ ਸਨ। ਕਰੀਬ ਸੱਤ ਲੋਕਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ ਜਿਨ੍ਹਾਂ ਵਿਚੋਂ ਤਿੰਨ ਦੀ ਹਾਲਤ ਗੰਭੀਰ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬੰਦੂਕਧਾਰੀ ਸਣੇ ਸੱਤ ਦੀ ਮੌਤ ਮੌਕੇ ਉਤੇ ਹੀ ਹੋ ਗਈ ਜਦਕਿ ਦੋ ਨੇ ਹਸਪਤਾਲ ਪਹੁੰਚ ਕੇ ਦਮ ਤੋੜ ਦਿੱਤਾ। ਇਕ ਵੀਡੀਓ ਫੁਟੇਜ ਵਿਚ ਗੋਲੀਬਾਰੀ ਦੌਰਾਨ ਸੈਂਕੜੇ ਲੋਕ ਮਾਲ ਤੋਂ ਬਾਹਰ ਭੱਜਦੇ ਨਜ਼ਰ ਆ ਰਹੇ ਹਨ। 

ਸੀਐੱਨਐੱਨ ਦੀ ਇਕ ਰਿਪੋਰਟ ਮੁਤਾਬਕ ਘਟਨਾ ਦੌਰਾਨ ਵੱਡੀ ਗਿਣਤੀ ਲੋਕ ਤੇ ਮਾਲ ਦੇ ਮੁਲਾਜ਼ਮ ਸਟੋਰੇਜ ਖੇਤਰ ਵਿਚ ਲੁਕ ਗਏ ਅਤੇ ਜਾਨ ਬਚਾਈ। ਵ੍ਹਾਈਟ ਹਾਊਸ ਨੇ ਕਿਹਾ ਕਿ ਰਾਸ਼ਟਰਪਤੀ ਜੋਅ ਬਾਇਡਨ ਨੂੰ ਗੋਲੀਬਾਰੀ ਬਾਰੇ ਜਾਣੂ ਕਰਾਇਆ ਗਿਆ ਹੈ। ਇਕੱਲੇ ਸੰਨ 2023 ਵਿਚ ਹੀ ਅਮਰੀਕਾ ’ਚ ਇਸ ਤਰ੍ਹਾਂ ਦੀ ਗੋਲੀਬਾਰੀ ਦੀਆਂ 198 ਘਟਨਾਵਾਂ ਹੋ ਚੁੱਕੀਆਂ ਹਨ।