ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਸ ਸਮੇਂ ਆਪਣੇ ਦੇਸ਼ ਤੋਂ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਬਾਹਰ ਕੱਢਣ ਦੀ ਮੁਹਿੰਮ ਵਿੱਚ ਰੁੱਝੇ ਹੋਏ ਹਨ। ਇਸ ਦੌਰਾਨ, ਭਾਰਤ ਵਿੱਚ ਅਮਰੀਕੀ ਦੂਤਾਵਾਸ ਨੇ ਅਮਰੀਕਾ ਜਾਣ ਵਾਲੇ ਲੋਕਾਂ ਲਈ ਇੱਕ ਵੱਡੀ ਚੇਤਾਵਨੀ ਜਾਰੀ ਕੀਤੀ ਹੈ। ਇਸ ਵਿੱਚ, ਦੂਤਾਵਾਸ ਨੇ ਕਿਹਾ ਹੈ ਕਿ ਜੇਕਰ ਕੋਈ ਵਿਅਕਤੀ ਅਮਰੀਕਾ ਵਿੱਚ ਹਮਲਾਜਾਂ ਚੋਰੀ ਕਰਦਾ ਹੈ, ਤਾਂ ਉਸ ਦਾ ਵੀਜ਼ਾ ਰੱਦ ਕਰ ਦਿੱਤਾ ਜਾਵੇਗਾ। ਚੇਤਾਵਨੀ ਵਿੱਚ ਅੱਗੇ ਕਿਹਾ ਗਿਆ ਹੈ ਕਿ ਸਿਰਫ ਇਹ ਹੀ ਨਹੀਂ, ਜੇਕਰ ਦੋਸ਼ੀ ਵਿਅਕਤੀ ਅਜਿਹਾ ਕਰਦਾ ਹੈ, ਤਾਂ ਉਸ ਨੂੰ ਦੁਬਾਰਾ ਕਦੇ ਵੀ ਅਮਰੀਕਾ ਵਿੱਚ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਅਮਰੀਕੀ ਦੂਤਾਵਾਸ ਨੇ ਸੋਸ਼ਲ ਮੀਡੀਆ ਪਲੇਟਫ਼ਾਰਮ X ‘ਤੇ ਪੋਸਟ ਕਰ ਕੇ ਇਹ ਚੇਤਾਵਨੀ ਦਿੱਤੀ ਹੈ।
X ‘ਤੇ ਆਪਣੀ ਪੋਸਟ ਵਿੱਚ, ਦੂਤਾਵਾਸ ਨੇ ਕਿਹਾ ਕਿ ਸੰਯੁਕਤ ਰਾਜ ਵਿੱਚ ਹਮਲਾ ਕਰਨ ਜਾਂ ਚੋਰੀ ਕਰਨ ਨਾਲ ਨਾ ਸਿਰਫ਼ ਤੁਹਾਨੂੰ ਕਾਨੂੰਨੀ ਸਮੱਸਿਆਵਾਂ ਪੈਦਾ ਹੋਣਗੀਆਂ ਬਲਕਿ ਇਹ ਤੁਹਾਡੇ ਵੀਜ਼ਾ ਨੂੰ ਰੱਦ ਕਰਨ ਦਾ ਕਾਰਨ ਵੀ ਬਣ ਸਕਦਾ ਹੈ। ਇੰਨਾ ਹੀ ਨਹੀਂ, ਜੇਕਰ ਤੁਸੀਂ ਅਜਿਹਾ ਕਰਦੇ ਹੋ, ਤਾਂ ਤੁਸੀਂ ਭਵਿੱਖ ਵਿੱਚ ਅਮਰੀਕੀ ਵੀਜ਼ਾ ਲਈ ਵੀ ਅਯੋਗ ਹੋ ਸਕਦੇ ਹੋ। ਸੰਯੁਕਤ ਰਾਜ ਅਮਰੀਕਾ ਕਾਨੂੰਨ ਅਤੇ ਵਿਵਸਥਾ ਦੀ ਕਦਰ ਕਰਦਾ ਹੈ ਅਤੇ ਉਮੀਦ ਕਰਦਾ ਹੈ ਕਿ ਵਿਦੇਸ਼ੀ ਸੈਲਾਨੀ ਸਾਰੇ ਅਮਰੀਕੀ ਕਾਨੂੰਨਾਂ ਦੀ ਪਾਲਣਾ ਕਰਨਗੇ।
ਧਿਆਨ ਦੇਣ ਯੋਗ ਹੈ ਕਿ ਅਮਰੀਕੀ ਦੂਤਾਵਾਸ ਨੇ ਇਹ ਕਦਮ ਅਜਿਹੇ ਸਮੇਂ ਚੁੱਕਿਆ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਮਰੀਕਾ ਤੋਂ ਗ਼ੈਰ-ਕਾਨੂੰਨੀ ਪ੍ਰਵਾਸੀਆਂ ਅਤੇ ਹੋਰ ਅਪਰਾਧੀਆਂ ਨੂੰ ਕੱਢਣ ਦੀ ਮੁਹਿੰਮ ਵਿੱਚ ਲੱਗੇ ਹੋਏ ਹਨ। ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰਾਂ ਲਈ ਹਾਈ ਕਮਿਸ਼ਨਰ ਦੇ ਦਫ਼ਤਰ ਦੇ ਅਨੁਸਾਰ, 20 ਜਨਵਰੀ ਤੋਂ 29 ਅਪ੍ਰੈਲ ਦੇ ਵਿਚਕਾਰ ਅਮਰੀਕਾ ਤੋਂ 1,42,000 ਲੋਕਾਂ ਨੂੰ ਕੱਢਿਆ ਗਿਆ ਹੈ।
ਤੁਹਾਨੂੰ ਦੱਸ ਦੇਈਏ ਕਿ ਅਮਰੀਕਾ ਵਿੱਚ ਚੋਰੀ ਲਈ ਜੁਰਮਾਨਾ ਅਤੇ ਜੇਲ੍ਹ ਦੀ ਸਜ਼ਾ ਦੋਵਾਂ ਦੀ ਵਿਵਸਥਾ ਹੈ। ਅਮਰੀਕੀ ਨਿਆਂ ਵਿਭਾਗ ਦੇ ਅਨੁਸਾਰ, ਜੇਕਰ ਚੋਰੀ ਕੀਤੇ ਸਮਾਨ ਦੀ ਕੀਮਤ 300 ਅਮਰੀਕੀ ਡਾਲਰ ਤੋਂ ਘੱਟ ਹੈ, ਤਾਂ ਦੋਸ਼ੀ ਵਿਅਕਤੀ ‘ਤੇ ਸ਼੍ਰੇਣੀ ‘ਏ’ ਅਪਰਾਧ ਦਾ ਦੋਸ਼ ਲਗਾਇਆ ਜਾਵੇਗਾ, ਜਿਸ ਲਈ ਜੁਰਮਾਨਾ (2,500 ਅਮਰੀਕੀ ਡਾਲਰ ਤੱਕ) ਅਤੇ ਕੈਦ (ਇੱਕ ਸਾਲ ਤੱਕ) ਹੋ ਸਕਦੀ ਹੈ। ਦੂਜੇ ਪਾਸੇ, ਜੇਕਰ ਚੋਰੀ ਕੀਤੀ ਵਸਤੂ ਦੀ ਕੀਮਤ 300 ਅਮਰੀਕੀ ਡਾਲਰ ਤੋਂ ਵੱਧ ਹੈ, ਤਾਂ ਵਿਅਕਤੀ ‘ਤੇ ਸ਼੍ਰੇਣੀ ‘4’ ਅਪਰਾਧ ਦਾ ਦੋਸ਼ ਲਗਾਇਆ ਜਾਵੇਗਾ, ਜਿਸ ਲਈ ਜੁਰਮਾਨਾ (25,000 ਅਮਰੀਕੀ ਡਾਲਰ ਤੱਕ) ਅਤੇ ਕੈਦ (1 ਤੋਂ 3 ਸਾਲ ਤੱਕ) ਹੋ ਸਕਦੀ ਹੈ।