ਵੌਕੇਸ਼ਾ, 23 ਨਵੰਬਰ

ਅਮਰੀਕੀ ਸ਼ਹਿਰ ਮਿਲਵੌਕੀ ਦੇ ਉਪਨਗਰੀ ਖੇਤਰ ਵਿਚ ਕ੍ਰਿਸਮਸ ਮਾਰਚ ਕਰ ਰਹੇ ਲੋਕਾਂ ਉਤੇ ਬੈਰੀਕੇਡ ਤੋੜ ਕੇ ਇਕ ਗੱਡੀ ਚੜ੍ਹ ਗਈ। ਇਸ ਘਟਨਾ ਵਿਚ ਕਈ ਲੋਕ ਮਾਰੇ ਗਏ ਹਨ। ਵੇਰਵਿਆਂ ਮੁਤਾਬਕ ਐੱਸਯੂਵੀ ਨੇ ਕਰੀਬ 20 ਲੋਕਾਂ ਨੂੰ ਟੱਕਰ ਮਾਰ ਦਿੱਤੀ ਜਿਨ੍ਹਾਂ ਵਿਚ ਬੱਚੇ ਵੀ ਸ਼ਾਮਲ ਹਨ। ਘਟਨਾ ਕੈਮਰਿਆਂ ਵਿਚ ਕੈਦ ਹੋ ਗਈ ਹੈ। ਵੌਕੇਸ਼ਾ ਦੇ ਪੁਲੀਸ ਮੁਖੀ ਡੈਨ ਥੌਂਪਸਨ ਨੇ ਕਿਹਾ ‘ਕੁਝ’ ਲੋਕ ਮਾਰੇ ਗਏ ਹਨ ਪਰ ਉਹ ਸਟੀਕ ਗਿਣਤੀ ਨਹੀਂ ਦੱਸ ਸਕਦੇ। ਇਕ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਗੱਡੀ ਵੀ ਜ਼ਬਤ ਕੀਤੀ ਗਈ ਹੈ। ਹਾਲੇ ਵਿਅਕਤੀ ਦੇ ਇਰਾਦਿਆਂ ਬਾਰੇ ਕੁਝ ਸਪੱਸ਼ਟ ਨਹੀਂ ਹੈ। ਇਕ ਵੀਡੀਓ ਵਿਚ ਗੱਡੀ ਲੜਕੀਆਂ ਦੇ ਇਕ ਸਮੂਹ ਤੇ ਦੂਜੀ ਵਿਚ ਮਾਰਚ ਕਰਨ ਵਾਲੇ ਬੈਂਡ ਨੂੰ ਟੱਕਰ ਮਾਰਦੀ ਨਜ਼ਰ ਆਈ ਹੈ। ਅੱਗ ਬੁਝਾਊ ਅਮਲੇ ਦੇ ਮੁਖੀ ਮੁਤਾਬਕ 11 ਬਾਲਗ ਤੇ 12 ਬੱਚੇ ਫੱਟੜ ਹੋ ਗਏ ਹਨ। ਉਨ੍ਹਾਂ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਹੈ। ਜ਼ਖ਼ਮੀਆਂ ਵਿਚ ਇਕ ਕੈਥੋਲਿਕ ਪਾਦਰੀ ਤੇ ਕੈਥੋਲਿਕ ਸਕੂਲ ਦੇ ਬੱਚੇ ਵੀ ਸ਼ਾਮਲ ਹਨ। ਪੁਲੀਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਜਾਣਕਾਰੀ ਮੁਤਾਬਕ ਗੱਡੀ ਜਿਵੇਂ ਹੀ ਬੈਰੀਕੇਡ ਤੋੜ ਕੇ ਪਰੇਡ ਵੱਲ ਵਧੀ ਤਾਂ ਪੁਲੀਸ ਨੇ ਇਸ ਨੂੰ ਰੋਕਣ ਲਈ ਗੋਲੀ ਵੀ ਚਲਾਈ। ਜ਼ਿਕਰਯੋਗ ਹੈ ਕਿ ਵੌਕੇਸ਼ਾ ਮਿਲਵੌਕੀ ਦਾ ਉਪਨਗਰ ਹੈ ਤੇ ਕਿਨੋਸ਼ਾ ਤੋਂ 90 ਕਿਲੋਮੀਟਰ ਦੂਰ ਹੈ ਜਿੱਥੇ ਕਾਇਲ ਰਿਟਨਹਾਊਸ ਨਾਂ ਦੇ ਵਿਅਕਤੀ ਨੂੰ ਸ਼ੁੱਕਰਵਾਰ ਤਿੰਨ ਵਿਅਕਤੀਆਂ ਦੀ ਹੱਤਿਆ ਦੇ ਦੋਸ਼ ਤੋਂ ਬਰੀ ਕੀਤਾ ਗਿਆ ਹੈ। ਸ਼ਹਿਰ ਵਿਚ ਅਗਸਤ 2020 ’ਚ ਫੈਲੀ ਹਿੰਸਾ ਦੌਰਾਨ ਤਿੰਨ ਵਿਅਕਤੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਤੇ ਰਿਟਨਹਾਊਸ ਉਤੇ ਦੋਸ਼ ਲਾਏ ਗਏ ਸਨ।