ਓਨਟਾਰੀਓ, 6 ਫਰਵਰੀ: ਅਮਰੀਕਾ ਖਿਲਾਫ ਲਾਏ ਗਏ ਸਟੀਲ ਟੈਰਿਫਜ਼ ਨੂੰ ਖ਼ਤਮ ਕਰਨ ਦੀ ਓਨਟਾਰੀਓ ਦੀ ਪ੍ਰੋਵਿੰਸ਼ੀਅਲ ਸਰਕਾਰ ਦੀ ਮੰਗ ਨੂੰ ਵਿਦੇਸ਼ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਸਿਰੇ ਤੋਂ ਨਕਾਰ ਦਿੱਤਾ।
ਜਿ਼ਕਰਯੋਗ ਹੈ ਕਿ ਪਿਛਲੇ ਸਾਲ ਮਈ ਵਿੱਚ ਅਮਰੀਕਾ ਨੇ ਇਮਪੋਰਟਿਡ ਸਟੀਲ ਉੱਤੇ 25 ਫੀ ਸਦੀ ਤੇ ਐਲੂਮੀਨੀਅਮ ਉੱਤੇ 10 ਫੀ ਸਦੀ ਟੈਰਿਫ ਲਾਉਣ ਦਾ ਐਲਾਨ ਕੀਤਾ ਸੀ। ਇਸ ਤੋਂ ਤੁਰੰਤ ਬਾਅਦ ਹੀ ਕੈਨੇਡਾ ਨੇ ਜਵਾਬੀ ਕਾਰਵਾਈ ਕਰਨ ਦਾ ਫੈਸਲਾ ਕੀਤਾ ਸੀ। ਪਰ ਫੈਡਰਲ ਸਰਕਾਰ ਨੂੰ ਉਸ ਸਮੇਂ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਜਦੋਂ ਉਸ ਨੇ ਨੌਰਥ ਅਮੈਰੀਕਨ ਟਰੇਡ ਪੈਕਟ ਉੱਤੇ ਸਹੀ ਪਾਈ ਜਦਕਿ ਅਮਰੀਕਾ ਨੇ ਇਸ ਦੇ ਬਾਵਜੂਦ ਟੈਰਿਫ ਹਟਾਉਣ ਦੀ ਕੋਈ ਗਾਰੰਟੀ ਨਹੀਂ ਦਿੱਤੀ।
ਇੱਕ ਇੰਟਰਵਿਊ ਵਿੱਚ ਫਰੀਲੈਂਡ ਨੇ ਇਹ ਮੰਨਿਆ ਕਿ ਭਾਵੇਂ ਪਿਛਲੇ ਸਾਲ ਜੁਲਾਈ ਵਿੱਚ ਜਵਾਬੀ ਕਾਰਵਾਈ ਤਹਿਤ ਇਹ ਟੈਰਿਫ ਅਮਰੀਕਾ ਉੱਤੇ ਕੈਨੇਡਾ ਵੱਲੋਂ ਲਾਏ ਗਏ ਸਨ ਤੇ ਭਾਵੇਂ ਇਹ ਬਹੁਤੇ ਸਖਤ ਨਹੀਂ ਹਨ ਪਰ ਉਨ੍ਹਾਂ ਆਖਿਆ ਕਿ ਅਜਿਹਾ ਕਰਨਾ ਬੇਹੱਦ ਜ਼ਰੂਰੀ ਸੀ। ਉਨ੍ਹਾਂ ਆਖਿਆ ਕਿ ਜਦੋਂ ਅਮਰੀਕਾ ਵੱਲੋਂ ਇਸ ਤਰ੍ਹਾਂ ਦੇ ਗੈਰਕਾਨੂੰਨੀ ਟੈਰਿਫ ਕੈਨੇਡਾ ਦੀ ਸਟੀਲ ਤੇ ਐਲੂਮੀਨੀਅਮ ਉੱਤੇ ਲਾਏ ਗਏ ਤਾਂ ਕੈਨੇਡਾ ਲਈ ਜਵਾਬ ਦੇਣਾ ਜ਼ਰੂਰੀ ਹੋ ਗਿਆ ਸੀ ਤੇ ਅਸੀਂ ਅਜਿਹਾ ਹੀ ਕੀਤਾ।
ਸੋਮਵਾਰ ਨੂੰ ਓਨਟਾਰੀਓ ਦੇ ਆਰਥਿਕ ਵਿਕਾਸ ਮੰਤਰੀ ਟੌਡ ਸਮਿੱਥ ਨੇ ਆਖਿਆ ਸੀ ਕਿ ਇਹ ਟੈਰਿਫ ਦੋਵਾਂ ਮੁਲਕਾਂ ਵਿੱਚ ਇੰਡਸਟਰੀਜ਼ ਤੇ ਵਰਕਰਜ਼ ਦੋਵਾਂ ਨੂੰ ਹੀ ਨੁਕਸਾਨ ਪਹੁੰਚਾ ਰਹੇ ਹਨ। ਉਨ੍ਹਾਂ ਇਹ ਸਲਾਹ ਦਿੱਤੀ ਸੀ ਕਿ ਜੇ ਕੈਨੇਡਾ ਇਹ ਟੈਰਿਫ ਹਟਾ ਲਵੇ ਤਾਂ ਅਮਰੀਕਾ ਵੀ ਅਜਿਹਾ ਕਰ ਸਕਦਾ ਹੈ। ਪਰ ਫਰੀਲੈਂਡ ਨੇ ਦੱਸਿਆ ਕਿ ਫੈਡਰਲ ਸਰਕਾਰ ਨੇ ਇਹ ਮਾਮਲਾ ਡਬਲਿਊਟੀਓ ਤੇ ਨਾਫਟਾ ਟ੍ਰਿਬਿਊਨਲਜ਼ ਕੋਲ ਉਠਾਇਆ ਹੈ ਤੇ ਉਸ ਦਾ ਮੰਨਣਾ ਹੈ ਕਿ ਇਸ ਮਾਮਲੇ ਵਿੱਚ ਸਾਡੀ ਜਿੱਤ ਹੋਣ ਦੀ ਸੰਭਾਵਨਾ ਹੈ।