ਵਾਸ਼ਿੰਗਟਨ: ਅਮਰੀਕਾ ਅਤੇ ਚੀਨ ਦੇ ਸਬੰਧ ਹੁਣ ਵਾਪਿਸ ਲੀਹ’ਤੇ ਆ ਗਏ ਹਨ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ਨਾਲ ਸਬੰਧਾਂ ਵਿੱਚ ਸੁਧਾਰ ਦੇ ਸੰਕੇਤ ਦਿੱਤੇ ਹਨ। ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਸੰਕੇਤ ਦਿੱਤਾ ਕਿ ਉਨ੍ਹਾਂ ਦੀ ਚੀਨ ਯਾਤਰਾ ਜਲਦੀ ਹੀ ਹੋ ਸਕਦੀ ਹੈ, ਜਿਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਦੁਨੀਆ ਦੀਆਂ ਦੋ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ, ਸੰਯੁਕਤ ਰਾਜ ਅਮਰੀਕਾ ਅਤੇ ਚੀਨ, ਆਪਣੇ ਆਪਸੀ ਵਪਾਰਕ ਤਣਾਅ ਨੂੰ ਘਟਾਉਣ ਤੋਂ ਬਾਅਦ ਆਪਣੇ ਸਬੰਧਾਂ ਨੂੰ ਮੁੜ ਸੁਰਜੀਤ ਕਰਨ ਵੱਲ ਵਧ ਰਹੇ ਹਨ। ਇਸ ਦੌਰਾਨ, ਟਰੰਪ ਨੇ ਕਿਹਾ ਹੈ ਕਿ “ਚੀਨ ਦਾ ਦੌਰਾ ਬਹੁਤ ਦੂਰ ਨਹੀਂ ਹੈ”।
ਟਰੰਪ ਨੇ ਚੀਨ ਨਾਲ ਆਪਣੇ ਸਬੰਧਾਂ ਵਿੱਚ ਸੁਧਾਰ ਦਾ ਸੰਕੇਤ ਦਿੱਤਾ ਹੈ। ਪਰ ਇਹ ਨਹੀਂ ਕਿਹਾ ਜਾ ਸਕਦਾ ਕਿ ਟਰੰਪ ਦਾ ਮੂਡ ਕਦੋਂ ਬਦਲੇਗਾ। ਇਸ ਵੇਲੇ, ਟਰੰਪ ਨੇ ਵਪਾਰ ਸੌਦਾ ਕਰਨ ਤੋਂ ਬਾਅਦ ਚੀਨ ਨਾਲ ਦੋਸਤੀ ਬਾਰੇ ਗੱਲ ਕਰਨੀ ਸ਼ੁਰੂ ਕਰ ਦਿੱਤੀ ਹੈ। ਟਰੰਪ ਨੇ ਇਹ ਟਿੱਪਣੀਆਂ ਵਾਈਟ ਹਾਊਸ ਵਿਖੇ ਫਿਲੀਪੀਨਜ਼ ਦੇ ਰਾਸ਼ਟਰਪਤੀ ਫਰਡੀਨੈਂਡ ਮਾਰਕੋਸ ਜੂਨੀਅਰ ਨਾਲ ਮੁਲਾਕਾਤ ਦੌਰਾਨ ਕੀਤੀਆਂ। “ਚੀਨ ਦੀ ਯਾਤਰਾ ਸ਼ਾਇਦ ਹੁਣ ਬਹੁਤ ਦੂਰ ਨਹੀਂ ਹੈ। ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਅਮਰੀਕਾ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਚੀਨ ਦੇ ਵਧ ਰਹੇ ਪ੍ਰਭਾਵ ਨੂੰ ਸੰਤੁਲਿਤ ਕਰਨ ਦੀ ਰਣਨੀਤੀ ‘ਤੇ ਕੰਮ ਕਰ ਰਿਹਾ ਹੈ, ਅਤੇ ਫਿਲੀਪੀਨਜ਼ ਵਰਗੇ ਭਾਈਵਾਲ ਦੇਸ਼ਾਂ ਨਾਲ ਫੌਜੀ ਸਹਿਯੋਗ ਨੂੰ ਮਜ਼ਬੂਤ ਕਰ ਰਿਹਾ ਹੈ। ਟਰੰਪ ਨੇ ਫਿਲੀਪੀਨਜ਼ ਨਾਲ “ਸ਼ਾਨਦਾਰ ਫੌਜੀ ਸਬੰਧਾਂ” ਦੀ ਵੀ ਪ੍ਰਸ਼ੰਸਾ ਕੀਤੀ।
ਪਿਛਲੇ ਕੁਝ ਸਾਲਾਂ ਤੋਂ ਅਮਰੀਕਾ ਅਤੇ ਚੀਨ ਵਿਚਕਾਰ ਵਪਾਰ ਯੁੱਧ ਚੱਲ ਰਿਹਾ ਹੈ, ਜਿਸ ਵਿੱਚ ਦੋਵਾਂ ਦੇਸ਼ਾਂ ਨੇ ਇੱਕ ਦੂਜੇ ਦੇ ਉਤਪਾਦਾਂ ‘ਤੇ ਭਾਰੀ ਟੈਰਿਫ ਲਗਾਏ ਸਨ। ਪਰ ਜੇਨੇਵਾ ਅਤੇ ਲੰਡਨ ਵਿੱਚ ਹਾਲ ਹੀ ਵਿੱਚ ਹੋਈਆਂ ਦੋ ਉੱਚ-ਪੱਧਰੀ ਗੱਲਬਾਤਾਂ ਤੋਂ ਬਾਅਦ, ਦੋਵੇਂ ਧਿਰਾਂ ਟੈਰਿਫਾਂ ਨੂੰ ਘਟਾਉਣ ਅਤੇ ਵਪਾਰਕ ਪਾਬੰਦੀਆਂ ਨੂੰ ਘਟਾਉਣ ਲਈ ਸਹਿਮਤ ਹੋਈਆਂ ਹਨ। ਟਰੰਪ ਨੇ ਕਿਹਾ ਕਿ ਚੀਨ ਨੇ ਹੁਣ ਅਮਰੀਕਾ ਨੂੰ ਦੁਰਲੱਭ ਧਾਤਾਂ ਤੋਂ ਬਣੇ ਚੁੰਬਕਾਂ ਦੀ ਸਪਲਾਈ ਦੁਬਾਰਾ ਸ਼ੁਰੂ ਕਰ ਦਿੱਤੀ ਹੈ, ਜੋ ਆਈਫੋਨ, ਇਲੈਕਟ੍ਰਿਕ ਵਾਹਨਾਂ, ਰੋਬੋਟਾਂ ਅਤੇ ਫੌਜੀ ਉਪਕਰਣਾਂ ਵਿੱਚ ਵਰਤੇ ਜਾਂਦੇ ਹਨ।