ਚੰਡੀਗੜ੍ਹ, 2 ਫਰਵਰੀ
ਸੂਬੇ ਵਿੱਚ ਊਰਜਾ ਸੰਭਾਲ ਨੂੰ ਉਤਸ਼ਾਹਿਤ ਕਰਕੇ ਲੋਕਾਂ ਵਾਸਤੇ ਸਾਫ਼-ਸੁਥਰਾ ਅਤੇ ਹਰਿਆ-ਭਰਿਆ ਵਾਤਾਵਰਣ ਯਕੀਨੀ ਬਣਾਉਣ ਲਈ ਪੰਜਾਬ ਦੇ ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਅਮਨ ਅਰੋੜਾ ਨੇ ਅੱਜ ਇਥੇ ਕਨਫੈਡਰੇਸ਼ਨ ਆਫ਼ ਇੰਡੀਅਨ ਇੰਡਸਟ੍ਰੀਅਲਿਸਟਜ਼ (ਸੀਆਈਆਈ) ਦੇ ਉੱਤਰੀ ਖੇਤਰ ਦੇ ਹੈੱਡਕੁਆਰਟਰ ਵਿਖੇ ਸਰਕਾਰੀ ਅਤੇ ਨਿੱਜੀ ਖੇਤਰ ਦੀਆਂ ਸੰਸਥਾਵਾਂ ਨੂੰ ਰਾਜ ਊਰਜਾ ਸੰਭਾਲ ਐਵਾਰਡਾਂ ਨਾਲ ਸਨਮਾਨਿਤ ਕੀਤਾ। ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਵੱਲੋਂ ਕਰਵਾਏ ਰਾਜ ਪੱਧਰੀ ਊਰਜਾ ਸੰਭਾਲ ਦਿਵਸ ਅਤੇ ਐਵਾਰਡ ਸਮਾਗਮ ਵਿੱਚ ਸ੍ਰੀ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਪੰਜਾਬ ਨੂੰ ਕਾਰਬਨ-ਮੁਕਤ ਕਰਨ ਲਈ ਠੋਸ ਉਪਰਾਲੇ ਕਰ ਰਹੀ ਹੈ। ਬਿਜਲੀ ਉਤਪਾਦਨ ਲਈ ਰਵਾਇਤੀ ਈਂਧਣ ‘ਤੇ ਨਿਰਭਰਤਾ ਬਹੁਤ ਜ਼ਿਆਦਾ ਹੈ, ਜਿਸ ਨਾਲ ਪ੍ਰਦੂਸ਼ਣ ਹੋਣ ਦੇ ਨਾਲ-ਨਾਲ ਵਾਤਾਵਰਣ ਲਈ ਖ਼ਤਰਾ ਪੈਦਾ ਹੁੰਦਾ ਹੈ।
ਉਨ੍ਹਾਂ ਜ਼ੋਰ ਦਿੱਤਾ ਕਿ ਉਦਯੋਗਾਂ ਦੇ ਵਿਸਥਾਰ ਅਤੇ ਹੋਰ ਬੁਨਿਆਦੀ ਢਾਂਚੇ ਦੀ ਲੋੜ ਦੇ ਮੱਦੇਨਜ਼ਰ ਬਿਜਲੀ ਦੀ ਮੰਗ ਦਿਨੋ-ਦਿਨ ਵਧ ਰਹੀ ਹੈ, ਇਸ ਲਈ ਰਵਾਇਤੀ ਊਰਜਾ ਦੇ ਬਦਲ ਵਜੋਂ ਨਵਿਆਉਣਯੋਗ ਊਰਜਾ ਸਰੋਤਾਂ ਜਿਵੇਂ ਸੂਰਜੀ ਊਰਜਾ, ਹਾਈਡਲ ਅਤੇ ਬਾਇਉਮਾਸ ਨੂੰ ਅਪਣਾਉਣਾ ਸਮੇਂ ਦੀ ਮੁੱਖ ਲੋੜ ਹੈ। ਲੋਕਾਂ ਨੂੰ ਊਰਜਾ ਦੀ ਸੰਜਮ ਨਾਲ ਵਰਤੋਂ ਕਰਨ ਦੀ ਅਪੀਲ ਕਰਦਿਆਂ ਸ੍ਰੀ ਅਰੋੜਾ ਨੇ ਕਿਹਾ ਕਿ ਊਰਜਾ ਕੁਸ਼ਲ ਡਿਜ਼ਾਈਨ, ਬਿਲਡਿੰਗ ਸਮੱਗਰੀ ਅਤੇ ਊਰਜਾ ਸੰਭਾਲ ਬਿਲਡਿੰਗ ਕੋਡ ਦੀ ਵਰਤੋਂ ਕਰਦਿਆਂ ਵਪਾਰਕ ਖੇਤਰ ਵਿੱਚ ਊਰਜਾ ਦੀ ਬੱਚਤ ਕਰਨਾ ਇਮਾਰਤਾਂ ਵਿੱਚ ਊਰਜਾ ਬਚਾਉਣ ਦੇ ਮੁੱਖ ਉਪਰਾਲਿਆਂ ਵਿੱਚੋਂ ਇੱਕ ਹੈ। ਉਨ੍ਹਾਂ ਊਰਜਾ ਸੰਭਾਲ ਅਤੇ ਊਰਜਾ ਕੁਸ਼ਲਤਾ ਦੇ ਖੇਤਰ ਵਿੱਚ ਪਹਿਲਕਦਮੀਆਂ ਕਰਨ ਲਈ ਪੇਡਾ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ। ਪੇਡਾ ਦੇ ਚੇਅਰਮੈਨ ਐੱਚਐੱਸ ਹੰਸਪਾਲ ਨੇ ਬਿਜਲੀ ਦੀ ਮੰਗ ਅਤੇ ਸਪਲਾਈ ਵਿਚਕਾਰਲੇ ਪਾੜੇ ਨੂੰ ਪੂਰਾ ਕਰਨ ਲਈ ਸੂਬੇ ਵਿੱਚ ਊਰਜਾ ਸੰਭਾਲ ਅਤੇ ਊਰਜਾ ਕੁਸ਼ਲਤਾ ਦੀ ਲੋੜ ‘ਤੇ ਜ਼ੋਰ ਦਿੱਤਾ। ਪੇਡਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਡਾ. ਸੁਮੀਤ ਕੇ. ਜਾਰੰਗਲ ਨੇ ਸੂਬੇ ਵਿੱਚ ਊਰਜਾ ਸੰਭਾਲ ਪ੍ਰੋਗਰਾਮਾਂ ਤਹਿਤ ਕੀਤੀਆਂ ਪਹਿਲਕਦਮੀਆਂ ਬਾਰੇ ਚਾਨਣਾ ਪਾਇਆ। ਇਸ ਤੋਂ ਪਹਿਲਾਂ ਪੇਡਾ ਨੇ ਊਰਜਾ ਸੰਭਾਲ ਅਤੇ ਊਰਜਾ ਕੁਸ਼ਲਤਾ ‘ਤੇ ਖੋਜ ਅਤੇ ਵਿਕਾਸ ਰਾਹੀਂ ਨਵੇਂ ਪ੍ਰਾਜੈਕਟਾਂ ਨੂੰ ਉਤਸ਼ਾਹਿਤ ਕਰਨ ਲਈ 13 ਨਾਮਵਰ ਇੰਜਨੀਅਰਿੰਗ ਸੰਸਥਾਵਾਂ/ਯੂਨੀਵਰਸਿਟੀਆਂ ਨਾਲ ਸਮਝੌਤਾ ਸਹੀਬੱਧ ਕੀਤਾ। ਇਸ ਮੌਕੇ ਕੈਬਨਿਟ ਮੰਤਰੀ ਨੇ ਇਮਾਰਤਾਂ ਅਤੇ ਉਦਯੋਗਾਂ ਵਿੱਚ ਊਰਜਾ ਕੁਸ਼ਲ ਸਮੱਗਰੀ ਦੀ ਵਰਤੋਂ ਸਬੰਧੀ ਵੱਖ-ਵੱਖ ਭਾਈਵਾਲ ਵਿਭਾਗਾਂ/ਸੰਸਥਾਵਾਂ ਤੋਂ ਆਏ ਨੁਮਾਇੰਦਿਆਂ ਲਈ ਪ੍ਰਦਰਸ਼ਨੀ ਦਾ ਵੀ ਉਦਘਾਟਨ ਕੀਤਾ। ਪੇਡਾ ਦੇ ਡਾਇਰੈਕਟਰ ਐੱਮਪੀ ਸਿੰਘ ਨੇ ਸਾਰੇ ਭਾਈਵਾਲਾਂ ਦਾ ਧੰਨਵਾਦ ਕੀਤਾ। ਊਰਜਾ ਸੰਭਾਲ ਪੁਰਸਕਾਰ ਜੇਤੂਆਂ ਦੇ ਵੇਰਵੇ: ਐਨਰਜੀ ਇੰਟੈਂਸਿਵ ਇੰਡਸਟਰੀਜ਼ (ਨਾਮਜ਼ਦ ਖਪਤਕਾਰ) ਸ਼੍ਰੇਣੀ (ਟੈਕਸਟਾਇਲ) ਪਹਿਲਾ ਇਨਾਮ ਮੈਸਰਜ਼ ਵਰਧਮਾਨ ਯਾਰਨਜ਼ ਐਂਡ ਥਰੈੱਡਜ਼ ਲਿਮਿਟਡ, ਹੁਸ਼ਿਆਰਪੁਰ, ਦੂਜਾ ਇਨਾਮ ਮੈਸਰਜ਼ ਅਰਿਹੰਤ ਸਪਿਨਿੰਗ ਮਿੱਲ, ਸੰਗਰੂਰ, ਐਨਰਜੀ ਇੰਟੈਂਸਿਵ ਇੰਡਸਟਰੀਜ਼ (ਨਾਮਜ਼ਦ ਖਪਤਕਾਰ) ਸ਼੍ਰੇਣੀ (ਪਲਪ ਐਂਡ ਪੇਪਰ): ਪਹਿਲਾ ਇਨਾਮ ਮੈਸਰਜ਼ ਖੰਨਾ ਪੇਪਰ ਮਿੱਲਜ਼ ਲਿਮਿਟਡ, ਅੰਮ੍ਰਿਤਸਰ, ਦੂਜਾ ਇਨਾਮ ਮੈਸਰਜ਼ ਕੁਆਂਟਮ ਪੇਪਰਜ਼ ਲਿਮਿਟਡ, ਪਿੰਡ ਤੇ ਡਾਕ ਸੈਲਾ ਖ਼ੁਰਦ, ਤਹਿਸੀਲ ਗੜ੍ਹਸ਼ੰਕਰ (ਹੁਸ਼ਿਆਰਪੁਰ), ਨਿਰਮਾਣ ਉਦਯੋਗ ਸ਼੍ਰੇਣੀ (ਦਰਮਿਆਨੇ) ਪਹਿਲਾ ਇਨਾਮ ਮੈਸਰਜ਼ ਈਸਟਮੈਨ ਕਾਸਟ ਐਂਡ ਫੌਰਜ ਲਿਮਿਟਡ, ਲੁਧਿਆਣਾ, ਦੂਜਾ ਇਨਾਮ ਮੈਸਰਜ਼ ਆਟੋ ਇੰਟਰਨੈਸ਼ਨਲ, ਲੁਧਿਆਣਾ
ਨਿਰਮਾਣ ਉਦਯੋਗ ਸ਼੍ਰੇਣੀ (ਵੱਡੇ) ਪਹਿਲਾ ਇਨਾਮ ਮੈਸਰਜ਼ ਮਾਧਵ ਗਰੁੱਪ ਪਟਿਆਲਾ, ਦੂਜਾ ਇਨਾਮ ਮੈਸਰਜ਼ ਹੀਰੋ ਸਟੀਲਜ਼ ਲਿਮਿਟਡ ਲੁਧਿਆਣਾ, ਵਪਾਰਕ (ਸਰਕਾਰੀ ਅਤੇ ਨਿੱਜੀ) ਇਮਾਰਤਾਂ ਦੀ ਸ਼੍ਰੇਣੀ (ਦਫ਼ਤਰ) ਪਹਿਲਾ ਇਨਾਮ ਮੈਸਰਜ਼ ਭਾਰਤ ਸੰਚਾਰ ਨਿਗਮ ਲਿਮਿਟਡ, ਜਲੰਧਰ, ਦੂਜਾ ਇਨਾਮ ਮੈਸਰਜ਼ ਭਾਰਤ ਸੰਚਾਰ ਨਿਗਮ ਲਿਮਿਟਡ ਹੁਸ਼ਿਆਰਪੁਰ, ਵਿਦਿਅਕ ਸੰਸਥਾਵਾਂ (ਸਰਕਾਰੀ ਅਤੇ ਨਿੱਜੀ) ਇਮਾਰਤਾਂ ਦੀ ਸ਼੍ਰੇਣੀ ਪਹਿਲਾ ਇਨਾਮ ਮੈਸਰਜ਼ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਦੂਜਾ ਇਨਾਮ: ਮੈਸਰਜ਼ ਚਿਤਕਾਰਾ ਯੂਨੀਵਰਸਿਟੀ ਰਾਜਪੁਰਾ (ਪੰਜਾਬ), ਹਸਪਤਾਲ ਬਿਲਡਿੰਗ ਸ਼੍ਰੇਣੀ ਪਹਿਲਾ ਇਨਾਮ ਮੈਸਰਜ਼ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਪੀਜੀਆਈਐੱਮਈਆਰ), ਸੰਗਰੂਰ, ਦੂਜਾ ਇਨਾਮ ਮੈਸਰਜ਼ ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ (ਹੋਮਟ੍ਰੇਲ ਬਿਲਡਟੈਕ ਪ੍ਰਾਈਵੇਟ ਲਿਮਟਿਡ ਦੀ ਇਕ ਯੂਨਿਟ) ਮੁਹਾਲੀ, ਐਨਰਜੀ ਆਡਿਟਿੰਗ ਏਜੰਸੀ ਸ਼੍ਰੇਣੀ (ਬੀਈਈ ਵੱਲੋਂ ਸਰਟੀਫਾਈਡ ਐਨਰਜੀ ਆਡੀਟਰ) ਪਹਿਲਾ ਇਨਾਮ ਮੈਸਰਜ਼ ਪੀਜੀਐੱਸ ਐਨਰਜੀ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਚੰਡੀਗੜ੍ਹ ਤੇ ਦੂਜਾ ਇਨਾਮ ਮੈਸਰਜ਼ ਨਾਮਧਾਰੀ ਈਕੋ ਐਨਰਜੀਜ਼ ਪ੍ਰਾਈਵੇਟ ਲਿਮਿਟਡ ਸਿਰਸਾ।