ਰੀਓ ਡੀ ਜਿਨੈਰੀਓ, ਏਸ਼ਿਆਈ ਖੇਡਾਂ ਦੇ ਤਗ਼ਮਾ ਜੇਤੂ ਅਭਿਸ਼ੇਕ ਵਰਮਾ ਨੇ ਇੱਥੇ ਚੱਲ ਰਹੇ ਆਈਐੱਸਐੱਫਐੱਫ ਵਿਸ਼ਵ ਕੱਪ ਦੇ ਪੁਰਸ਼ਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲਿਆਂ ਵਿੱਚ ਸੋਨ ਤਗ਼ਮਾ ਆਪਣੇ ਨਾਂ ਕੀਤਾ ਜਦੋਂਕਿ ਸੌਰਭ ਚੌਧਰੀ ਨੇ ਕਾਂਸੀ ਤਗ਼ਮਾ ਫੁੰਡਿਆ।
ਅਭਿਸ਼ੇਕ ਨੇ ਅੱਠ ਨਿਸ਼ਾਨੇਬਾਜ਼ਾਂ ਦੇ ਫਾਈਨਲ ਵਿੱਚ 244.2 ਅੰਕ ਜੋੜੇ ਜਦੋਂਕਿ 17 ਸਾਲਾਂ ਦੇ ਸੌਰਭ ਨੇ 221.9 ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ। ਸੌਰਭ ਇਸ ਸਾਲ ਪੰਜ ਸੋਨ ਤਗ਼ਮੇ ਜਿੱਤ ਚੁੱਕਿਆ ਹੈ ਅਤੇ ਇਹ ਸਾਲ ਵਿੱਚ ਉਸ ਦਾ ਛੇਵਾਂ ਆਈਐੱਸਐੱਫਐੱਫ ਵਿਸ਼ਵ ਕੱਪ ਤਗ਼ਮਾ ਹੈ। ਚਾਂਦੀ ਦਾ ਤਗ਼ਮਾ ਤੁਰਕੀ ਦੇ ਇਸਮਾਈਲ ਕੈਲੇਸ ਦੇ ਨਾਂ ਰਿਹਾ ਜਿਸ ਨੇ 243.1 ਅੰਕ ਹਾਸਲ ਕੀਤੇ। ਭਾਰਤ ਹੁਣ ਸੂਚੀ ਵਿੱਚ ਦੋ ਸੋਨੇ, ਇਕ ਚਾਂਦੀ ਅਤੇ ਇਕ ਕਾਂਸੀ ਦੇ ਤਗ਼ਮੇ ਨਾਲ ਸਿਖ਼ਰਲ ’ਤੇ ਕਾਇਮ ਹੈ। ਭਾਰਤ ਨੇ ਇਸ ਮੁਕਾਬਲੇ ਵਿੱਚ ਦੇਸ਼ ਨੂੰ ਮਿਲਣ ਵਾਲੇ ਓਲੰਪਿਕ ਕੋਟੇ ਹਾਸਲ ਕਰ ਲਏ ਹਨ। ਅਭਿਸ਼ੇਕ ਅਤੇ ਸੌਰਭ ਨੇ ਪਿਛਲੇ ਕੁਆਲੀਫਾਇੰਗ ਮੁਕਾਬਲੇ ਵਿੱਚ ਕੋਟੇ ਸੁਰੱਖਿਅਤ ਕਰ ਲਏ ਸਨ। ਸੌਰਭ ਨੇ 584 ਅੰਕਾਂ ਨਾਲ ਚੌਥੇ ਸਥਾਨ ’ਤੇ ਰਹਿ ਕੇ ਫਾਈਨਲ ਲਈ ਕੁਆਲੀਫਾਈ ਕੀਤਾ ਜਦੋਂਕਿ ਅਭਿਸ਼ੇਕ ਨੇ 582 ਅੰਕਾਂ ਨਾਲ ਪੰਜਵੇਂ ਸਥਾਨ ਤੋਂ ਅੱਠ ਨਿਸ਼ਾਨੇਬਾਜ਼ਾਂ ਨਾਲ ਫਾਈਨਲ ’ਚ ਪਹੁੰਚਿਆ। ਗੌਰਵ ਰਾਣਾ 571 ਅੰਕਾਂ ਨਾਲ 44ਵੇਂ ਸਥਾਨ ’ਤੇ ਰਿਹਾ। ਨੌਜਵਾਨ ਇਲਾਵੈਨਿਲ ਵਲਾਰਿਵਾਨ ਨੇ ਲੰਘੇ ਦਿਨੀਂ ਮਹਿਲਾਵਾਂ ਦੇ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤ ਕੇ ਭਾਰਤ ਲਈ ਖਾਤਾ ਖੋਲ੍ਹਿਆ ਸੀ। ਸੰਜੀਵ ਰਾਜਪੂਤ ਨੇ ਇਸ ਤੋਂ ਬਾਅਦ ਪੁਰਸ਼ 50 ਮੀਟਰ ਰਾਈਫਲ ਥ੍ਰੀ ਪੁਜ਼ੀਸ਼ਨ ਫਾਈਨਲ ’ਚ ਚਾਂਦੀ ਦਾ ਤਗ਼ਮਾ ਜਿੱਤ ਕੇ ਭਾਰਤ ਲਈ ਓਲੰਪਿਕ ਕੋਟਾ ਸੁਰੱਖਿਅਤ ਕੀਤਾ।
ਪਿਛਲੇ ਸਾਲ ਜਕਾਰਤਾ ਏਸ਼ਿਆਡ ਵਿੱਚ ਕਾਂਸੀ ਤਗ਼ਮਾ ਜਿੱਤਣ ਵਾਲੇ ਅਭਿਸ਼ੇਕ ਅਤੇ ਸੌਰਭ ਨੇ ਟੂਰਨਾਮੈਂਟ ਦੇ ਦੂਜੇ ਦਿਨ ਤਗ਼ਮਾ ਜਿੱਤ ਕੇ ਭਾਰਤ ਨੂੰ ਸਿਖ਼ਰ ’ਤੇ ਪਹੁੰਚਾਇਆ। ਇਸ ਤੋਂ ਪਹਿਲਾਂ ਚਿੰਕੀ ਯਾਦਵ ਫਾਈਨਲ ’ਚ ਪਹੁੰਚਣ ਨੇੜੇ ਸੀ ਪਰ ਉਹ 25 ਮੀਟਰ ਮਹਿਲਾ ਪਿਸਟਲ ਮੁਕਾਬਲੇ ਦੇ ਆਖ਼ਰੀ ਕੁਆਲੀਫਾਇੰਗ ਮਾਰਕ ਤੋਂ ਇਕ ਅੰਕ ਪਿੱਛੇ ਰਹਿ ਗਈ। ਉਹ 584 ਨਾਲ 10ਵੇਂ ਸਥਾਨ ’ਤੇ ਰਹੀ।
ਭਾਰਤੀ ਟੀਮ ’ਚ ਵਾਪਸੀ ਕਰ ਰਹੀ ਅਨੂ ਰਾਜ ਸਿੰਘ 579 ਅੰਕਾਂ ਨਾਲ 25ਵੇਂ ਜਦੋਂਕਿ ਅਭੀਦਨਿਆ ਅਸ਼ੋਕ ਪਾਟਿਲ 572 ਅੰਕਾਂ ਨਾਲ 53ਵੇਂ ਸਥਾਨ ’ਤੇ ਰਹੀ। ਭਾਰਤੀ ਵਿੱਚ ਚੈਨ ਸਿੰਘ ਅਤੇ ਪਾਰੁਲ ਕੁਮਾਰ ਨੇ ਪੁਰਸ਼ 50 ਮੀਟਰ ਰਾਈਫਲ ਥ੍ਰੀ ਪੁਜ਼ੀਸ਼ਨ ਵਿੱਚ ਕ੍ਰਮਵਾਰ 49ਵਾਂ ਤੇ 57ਵਾਂ ਸਥਾਨ ਹਾਸਲ ਕੀਤਾ। ਮੁਕਾਬਲੇ ਤੋਂ ਹੱਟ ਕੇ ਘੱਟੋ ਘੱਟ ਕੁਆਲੀਫਿਕੇਸ਼ਨ ਸਕੋਰ ਵਰਗ ਵਿੱਚ ਭਾਰਤੀਆਂ ਦਾ ਦਿਨ ਸ਼ਾਨਦਾਰ ਰਿਹਾ। ਮਹਿਲਾਵਾਂ ਦੇ 25 ਮੀਟਰ ਪਿਸਟਲ ਮੁਕਾਬਲੇ ਵਿੱਚ ਰਾਹੀ ਸਰਨੋਬਤ ਅਤੇ ਮਨੂੰ ਭਾਕਰ ਨੇ ਕ੍ਰਮਵਾਰ 580 ਅਤੇ 583 ਅੰਕ ਜੋੜੇ। ਦੋਵੇਂ ਹੀ ਓਲੰਪਿਕ ਕੋਟਾ ਹਾਸਲ ਕਰ ਚੁੱਕੀਆਂ ਹਨ।
ਸਵਪਨਿਲ ਕੁਸਾਲੇ ਅਤੇ ਐਸ਼ਵਰਿਆ ਸਿੰਘ ਤੋਮਰ ਨੇ ਪੁਰਸ਼ 50 ਮੀਟਰ ਰਾਈਫਲ ਥ੍ਰੀ ਪੁਜ਼ੀਸ਼ਨ ਐੱਮਕਿਊਐੱਸ ਵਰਗ ਵਿੱਚ ਕ੍ਰਮਵਾਰ 1166 ਤੇ 1165 ਅੰਕ ਬਣਾਏ।