ਵਿਜ਼ਯਾਨਗਰਮ, ਦੱਖਣੀ ਅਫਰੀਕਾ ਖ਼ਿਲਾਫ਼ ਵੀਰਵਾਰ ਤੋਂ ਸ਼ੁਰੂ ਹੋਣ ਵਾਲੇ ਤਿੰਨ ਰੋਜ਼ਾ ਅਭਿਆਸ ਮੈਚ ਵਿੱਚ ਰੋਹਿਤ ਸ਼ਰਮਾ ਬੋਰਡ ਪ੍ਰੈਜ਼ੀਡੈਂਟ ਇਲੈਵਨ ਟੀਮ ਦੀ ਅਗਵਾਈ ਕਰੇਗਾ। ਉਸ ਨੂੰ ਸਲਾਮੀ ਬੱਲੇਬਾਜ਼ ਵਜੋਂ ਟੈਸਟ ਲੜੀ ਤੋਂ ਪਹਿਲਾਂ ਖ਼ੁਦ ਨੂੰ ਸਾਬਤ ਕਰਨਾ ਹੋਵੇਗਾ। ਕੌਮੀ ਚੋਣ ਕਮੇਟੀ ਅਤੇ ਟੀਮ ਪ੍ਰਬੰਧਕਾਂ ਨੇ ਰੋਹਿਤ ਦੇ ਸਟ੍ਰੌਕਸ ਖੇਡਣ ਦੀ ਕਾਬਲੀਅਤ ਨੂੰ ਵੇਖਦਿਆਂ ਉਸ ਨੂੰ ਸਲਾਮੀ ਬੱਲੇਬਾਜ਼ ਵਜੋਂ ਅੱਗੇ ਵਧਾਉਣ ਦਾ ਫ਼ੈਸਲਾ ਕੀਤਾ ਹੈ, ਜਿਸ ਦੇ ਲਈ ਅਗਲੇ ਪੰਜ ਟੈਸਟ ਅਹਿਮ ਹੋਣਗੇ।
ਦੂਜੇ ਸਲਾਮੀ ਬੱਲੇਬਾਜ਼ ਵਜੋਂ ਉਸ ਕੋਲ ਮਯੰਕ ਅਗਰਵਾਲ ਹੋਵੇਗਾ। ਦੋਵਾਂ ਨੂੰ ਦੋ ਅਕਤੂਬਰ ਤੋਂ ਵਿਸ਼ਾਖਾਪਟਨਮ ਵਿੱਚ ਸ਼ੁਰੂ ਹੋਣ ਵਾਲੇ ਪਹਿਲੇ ਟੈਸਟ ਤੋਂ ਪਹਿਲਾਂ ਇੱਕ-ਦੂਜੇ ਨਾਲ ਤਾਲਮੇਲ ਬਿਠਾਉਣਾ ਹੋਵੇਗਾ। ਤੀਜਾ ਅਤੇ ਅਹਿਮ ਖਿਡਾਰੀ ਉਮੇਸ਼ ਯਾਦਵ ਹੈ, ਜਿਸ ਨੂੰ ਜ਼ਖ਼ਮੀ ਹੋਏ ਜਸਪ੍ਰੀਤ ਬੁਮਰਾਹ ਦੀ ਥਾਂ ਟੈਸਟ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਵੀਰਵਾਰ ਨੂੰ ਸਾਰਿਆਂ ਦਾ ਧਿਆਨ ਰੋਹਿਤ ’ਤੇ ਕੇਂਦਰਿਤ ਹੋਵੇਗਾ। ਮਹਾਨ ਖਿਡਾਰੀਆਂ ਵਿੱਚੋਂ ਇੱਕ ਰੋਹਿਤ ਦਾ 27 ਟੈਸਟ ਮੈਚਾਂ ਵਿੱਚ ਔਸਤ 39.62 ਦਾ ਹੈ, ਜਿਸ ਵਿੱਚ ਤਿੰਨ ਸੈਂਕੜੇ ਸ਼ਾਮਲ ਹਨ। ਅਜਿੰਕਿਆ ਰਹਾਣੇ ਅਤੇ ਹਨੁਮਾ ਵਿਹਾਰੀ ਨੇ ਵੈਸਟ ਇੰਡੀਜ਼ ਵਿੱਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਕਰਕੇ ਬੱਲੇਬਾਜ਼ੀ ਵਿੱਚ ਆਪਣਾ ਮੱਧ ਕ੍ਰਮ ਦਾ ਸਥਾਨ ਮਜ਼ਬੂਤ ਕੀਤਾ ਹੈ। ਇਸ ਲਈ ਰੋਹਿਤ ਲਈ ਬਚਿਆ ਇਕਲੌਤਾ ਬਦਲ ਸਿਖਰਲੇ ਸਥਾਨ ’ਤੇ ਟਿਕ ਕੇ ਬੱਲੇਬਾਜ਼ੀ ਕਰਨਾ ਸੀ। ਤਿੰਨ ਰੋਜ਼ਾ ਅਭਿਆਸ ਮੈਚਾਂ ਵਿੱਚ ਦੱਖਣੀ ਅਫਰੀਕਾ ਦੀ ਗੇਂਦਬਾਜ਼ੀ ਵਿੱਚ ਕੈਗਿਸੋ ਰਬਾਡਾ, ਵਰਨੋਨ ਫਿਲੈਂਡਰ ਅਤੇ ਲੁੰਗੀ ਐਨਗਿੜੀ ਸ਼ਾਮਲ ਹਨ।
ਲੋਕੇਸ਼ ਰਾਹੁਲ ਨੂੰ ਵੀ ਨਹੀਂ ਭੁੱਲਣਾ ਚਾਹੀਦਾ। ਉਸ ਨੂੰ ਵੀ ਟੀਮ ਵਿੱਚ ਥਾਂ ਬਣਾਉਣ ਲਈ ਵੱਡੀ ਪਾਰੀ ਖੇਡਣੀ ਹੋਵੇਗੀ। ਇਸੇ ਤਰ੍ਹਾਂ ਪ੍ਰਿਥਵੀ ਸ਼ਾਅ ਵੀ ਡੋਪਿੰਗ ਪਾਬੰਦੀ ਪੂਰੀ ਹੋਣ ਮਗਰੋਂ ਵਾਪਸੀ ਲਈ ਬੇਤਾਬ ਹੋਵੇਗਾ। ਰੋਹਿਤ ਜੇਕਰ ਸਫਲ ਰਹਿੰਦਾ ਹੈ ਤਾਂ ਇਸ ਗੱਲ ਦੀ ਗਾਰੰਟੀ ਨਹੀਂ ਕਿ ਉਹ ਨਿਊਜ਼ੀਲੈਂਡ ਦੇ ਮੈਦਾਨਾਂ ’ਤੇ ਇਸ ਪ੍ਰਦਰਸ਼ਨ ਨੂੰ ਦੁਹਰਾਉਣ ਵਿੱਚ ਸਮਰੱਥ ਹੋਵੇਗਾ। ਭਾਰਤ ਦੇ ਬਿਹਤਰੀਨ ਇੱਕ ਰੋਜ਼ਾ ਸਲਾਮੀ ਬੱਲੇਬਾਜ਼ਾਂ ਵਿੱਚੋਂ ਇੱਕ ਰੋਹਿਤ ਲਈ ਹਾਲਾਂਕਿ ਸਫ਼ਰ ਕਾਫ਼ੀ ਮੁਸ਼ਕਲਾਂ ਵਾਲਾ ਹੋਵੇਗਾ ਕਿਉਂਕਿ ਅਗਲੇ ਛੇ ਮਹੀਨੇ ਖੇਡ ਦੀ ਇਸ ਵੰਨਗੀ ਵਿੱਚ ਉਸ ਦੀ ਕਿਸਮਤ ਦਾ ਫ਼ੈਸਲਾ ਕਰਨ ਲਈ ਅਹਿਮ ਹੋਣਗੇ।