ਬੱਲੂਆਣਾ (ਅਬੋਹਰ), 13 ਅਕਤੂਬਰ

ਅਬੋਹਰ ਦੇ ਜੰਮਪਲ ਨੌਜਵਾਨ ਗੈਰੀ ਥਿੰਦ ਨੂੰ ਕੈਨੇਡਾ ਦੀ ਲਿਬਰਲ ਪਾਰਟੀ ਨੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਸਰੀ ਫਲੀਟਵੁੱਡ ਸੀਟ ਤੋਂ ਵਿਧਾਇਕ ਵਜੋਂ ਉਮੀਦਵਾਰ ਐਲਾਨਿਆ ਹੈ ਜਿੱਥੇ ਵੋਟਾਂ 15 ਤੋਂ 21 ਅਕਤੂਬਰ ਤੱਕ ਪੈਣਗੀਆਂ। ਨਤੀਜਾ 24 ਅਕਤੂਬਰ ਨੂੰ ਐਲਾਨਿਆ ਜਾਵੇਗਾ। ਇਲੈਕਟ੍ਰੋਨਿਕ ਇੰਜਨੀਅਰ ਦੀ ਪੜ੍ਹਾਈ ਮਗਰੋਂ ਗੁਰਪ੍ਰੀਤ ਥਿੰਦ (ਗੈਰੀ ਥਿੰਦ) 1999 ’ਚ ਕੈਨੇਡਾ ਗਿਆ ਸੀ ਅਬੋਹਰ ਦੀ ਸੁੰਦਰ ਨਗਰੀ ਵਾਸੀ ਸਾਬਕਾ ਕੌਂਸਲਰ ਸਰਦਾਰ ਅਮਰੀਕ ਸਿੰਘ ਥਿੰਦ ਦੇ ਪੁੱਤਰ ਗੈਰੀ ਥਿੰਦ ਨੇ ਕੈਨੇਡਾ ਵਿੱਚ ਰਹਿ ਕੇ ਜਿੱਥੇ ਇੱਕ ਚੰਗੇ ਸਮਾਜ ਸੇਵਕ ਵਜੋਂ ਪਛਾਣ ਬਣਾਈ ਉੱਥੇ ਹੀ ਕੈਨੇਡਾ ਤੋਂ ਪਿੰਗਲਵਾੜਾ ਸੁਸਾਇਟੀ (ਪੰਜਾਬ) ਲਈ ਲੱਖਾਂ ਡਾਲਰ ਦੀ ਸਹਾਇਤਾ ਰਾਸ਼ੀ ਇਕੱਠੀ ਕਰਵਾਉਣ ’ਚ ਵੀ ਮਹੱਤਵਪੂਰਨ ਯੋਗਦਾਨ ਦਿੱਤਾ ਹੈ। ਅਮਰੀਕਾ, ਕੈਨੇਡਾ ਅਤੇ ਭਾਰਤ ਵਿੱਚ ਅੱਖਾਂ ਦੇ ਰੋਗੀਆਂ ਲਈ ਕੈਂਪ ਲਗਾਉਣ ਵਿੱਚ ਵੀ ਗੈਰੀ ਦੀ ਵੱਡੀ ਭੂਮਿਕਾ ਰਹੀ। ਛੇ ਸਾਲਾਂ ਤੋਂ ਕੈਨੇਡਾ ਦੇ ਸਰੀ ਸਕੂਲ ਬੋਰਡ ਵਿੱਚ ਟਰੱਸਟੀ ਵਜੋਂ ਸੇਵਾਵਾਂ ਨਿਭਾਅ ਰਹੇ ਗੈਰੀ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਹਿੱਤਾਂ ਲਈ ਵਧ ਚੜ੍ਹ ਕੰਮ ਕੀਤਾ। ਅਬੋਹਰ ਦੇ ਅੰਮ੍ਰਿਤ ਮਾਡਲ ਸਕੂਲ ’ਚ ਦਸਵੀਂ ਜਮਾਤ ਤੱਕ ਪੜ੍ਹੇ ਗੈਰੀ ਨੇ ਬਚਪਨ ਵਿੱਚ ਹੀ ਸਮਾਜ ਸੇਵਕ ਵਜੋਂ ਪਛਾਣ ਬਣਾ ਲਈ ਸੀ। ਗੈਰੀ ਥਿੰਦ ਦਾ ਕਹਿਣਾ ਹੈ ਕਿ ਚੋਣ ਜਿੱਤਣ ਮਗਰੋਂ ਉਹ ਭਾਰਤ ਅਤੇ ਕੈਨੇਡਾ ਵਿਚਾਲੇ ਮਜ਼ਬੂਤ ਦੁਵੱਲੇ ਸਬੰਧਾਂ ਲਈ ਕੰਮ ਕਰਨਗੇ।