ਫਾਜ਼ਿਲਕਾ : ਅਬੋਹਰ ‘ਚ ਐਤਵਾਰ ਦੇਰ ਰਾਤ ਇੱਕ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਕਾਰ ਸਵਾਰ 2 ਸਕੇ ਭਰਾਵਾਂ ਸਮੇਤ 3 ਨੌਜਵਾਨਾਂ ਦੀ ਮੌਤ ਹੋ ਗਈ। ਉੱਥੇ ਹੀ, 2 ਨੌਜਵਾਨ ਜ਼ਖਮੀ ਹੋਏ ਹਨ, ਜਿਨ੍ਹਾਂ ਦਾ ਇਲਾਜ ਹਸਪਤਾਲ ਵਿੱਚ ਚੱਲ ਰਿਹਾ ਹੈ। ਮ੍ਰਿਤਕਾਂ ਦੀ ਪਛਾਣ ਉਦੈ (24), ਵਿਸ਼ਾਲ (22) ਅਤੇ ਰਮਨ (22) ਵਜੋਂ ਹੋਈ ਹੈ।

ਇਹਨਾਂ ਵਿੱਚੋਂ ਉਦੈ ਅਤੇ ਵਿਸ਼ਾਲ ਸਕੇ ਭਰਾ ਸਨ ਅਤੇ ਆਪਣੇ ਮਾਪਿਆਂ ਦੇ ਇਹ ਦੋ ਹੀ ਬੱਚੇ ਸਨ। ਉਹਨਾਂ ਦੇ ਜਾਣ ਨਾਲ ਪੂਰਾ ਪਰਿਵਾਰ ਉਜੜ ਗਿਆ ਹੈ। ਉਦੈ ਵਿਆਹਿਆ ਹੋਇਆ ਸੀ ਅਤੇ ਉਸਦੇ 2 ਬੱਚੇ ਹਨ, ਜਦਕਿ ਰਮਨ ਇਹਨਾਂ ਦੀ ਭੂਆ ਦਾ ਲੜਕਾ ਸੀ। ਇਸ ਹਾਦਸੇ ‘ਚ ਰੌਸ਼ਨ ਅਤੇ ਅਨਮੋਲ ਜ਼ਖਮੀ ਹੋਏ ਹਨ।

ਇਹ ਸਾਰੇ ਅਬੋਹਰ ਦੇ ਨੇੜਲੇ ਪਿੰਡ ਬਲੂਆਣਾ ਦੇ ਰਹਿਣ ਵਾਲੇ ਸਨ। ਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ ਨੌਜਵਾਨ ਬਾਗਾਂ ਵਿੱਚ ਕਿੰਨੂ ਤੋੜਨ ਦਾ ਠੇਕਾ ਲੈਂਦੇ ਸਨ। ਕੱਲ੍ਹ ਰਾਤ ਵੀ ਉਹ ਇੱਕ ਡੀਲ ਫਾਈਨਲ ਕਰਕੇ ਵਾਪਸ ਪਰਤ ਰਹੇ ਸਨ। ਜ਼ਖਮੀਆਂ ਨੂੰ ਹਸਪਤਾਲ ਲੈ ਕੇ ਜਾਣ ਵਾਲੇ ਇੱਕ ਵਿਅਕਤੀ ਨੇ ਦੱਸਿਆ ਕਿ ਐਤਵਾਰ-ਸੋਮਵਾਰ ਦੀ ਦਰਮਿਆਨੀ ਰਾਤ ਕਰੀਬ ਸਵਾ ਇੱਕ ਵਜੇ ਇਹ ਹਾਦਸਾ ਹੋਇਆ ਹੈ। ਨੌਜਵਾਨਾਂ ਦੀ ਗੱਡੀ ਹਨੂਮਾਨਗੜ੍ਹ ਰੋਡ ਵੱਲੋਂ ਆ ਰਹੀ ਸੀ ਅਤੇ ਰੋਟਰੀ ਚੌਕ ਵੱਲ ਪੁਲ ਤੋਂ ਉੱਤਰ ਰਹੀ ਸੀ।

ਪੁਲ ਤੋਂ ਉੱਤਰਦੇ ਸਮੇਂ ਗੱਡੀ ਦੀ ਰਫ਼ਤਾਰ ਬਹੁਤ ਜ਼ਿਆਦਾ ਸੀ। ਇਸ ਲਈ ਡਰਾਈਵਰ ਇਸ ‘ਤੇ ਕੰਟਰੋਲ ਨਹੀਂ ਕਰ ਸਕਿਆ ਅਤੇ ਗੱਡੀ ਸਾਹਮਣੇ ਬਣੇ ਡਿਵਾਈਡਰ ਨਾਲ ਜਾ ਟਕਰਾਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਗੱਡੀ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਪਿਚਕ ਗਿਆ ਅਤੇ ਡਿਵਾਈਡਰ ਵੀ ਟੁੱਟ ਗਿਆ। ਹਾਦਸੇ ਦੌਰਾਨ ਕਾਰ ਵਿੱਚ ਸਵਾਰ 3 ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਇਸ ਮਾਮਲੇ ਵਿੱਚ ਸਿਟੀ-1 ਥਾਣੇ ਦੇ ਐਸ.ਐਚ.ਓ ਨੇ ਦੱਸਿਆ ਕਿ ਤਿੰਨੋਂ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਅਬੋਹਰ ਸਿਵਲ ਹਸਪਤਾਲ ਦੀ ਮੋਰਚਰੀ (ਮੁਰਦਾਘਰ) ਵਿੱਚ ਰਖਵਾਇਆ ਗਿਆ ਹੈ। ਅੱਜ ਉਹਨਾਂ ਦਾ ਪੋਸਟਮਾਰਟਮ ਕਰਵਾ ਕੇ ਲਾਸ਼ਾਂ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ। ਉੱਥੇ ਹੀ, ਜ਼ਖਮੀਆਂ ਨੂੰ ਮੁਢਲੀ ਸਹਾਇਤਾ ਤੋਂ ਬਾਅਦ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ, ਜਿੱਥੇ ਉਹਨਾਂ ਦਾ ਇਲਾਜ ਜਾਰੀ ਹੈ