ਦੁਬਈ, 25 ਅਕਤੂਬਰ
ਸਾਬਕਾ ਭਾਰਤੀ ਬੱਲੇਬਾਜ਼ ਯੁਵਰਾਜ ਸਿੰਘ ਨੂੰ ਆਗਾਮੀ ਅਬੂਧਾਬੀ ਟੀ-10 ਟੂਰਨਾਮੈਂਟ ਲਈ ਮਰਾਠਾ ਅਰੇਬੀਅਨਜ਼ ਨੇ ਅੱਜ ਆਪਣਾ ਆਈਕਨ ਖਿਡਾਰੀ ਚੁਣਿਆ। ਜੂਨ ’ਚ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਤੋਂ ਬਾਅਦ ਉਹ ਇਸ ਫਰੈਂਚਾਈਜ਼ੀ ਆਧਾਰਤ ਟੂਰਨਾਮੈਂਟ ’ਚ ਦੂਜੀ ਵਾਰ ਸ਼ਿਰਕਤ ਕਰੇਗਾ। ਇਹ ਟੂਰਨਾਮੈਂਟ 14 ਨਵੰਬਰ ਨੂੰ ਸ਼ੁਰੂ ਹੋ ਰਿਹਾ ਹੈ ਜਿਸ ਨੂੰ ਕੌਮਾਂਤਰੀ ਕ੍ਰਿਕਟ ਕੌਂਸਲ ਦੀ ਮਨਜ਼ੂਰੀ ਮਿਲ ਚੁੱਕੀ ਹੈ।
ਯੁਵਰਾਜ ਨੇ 2007 ਟੀ-20 ਵਿਸ਼ਵ ਕੱਪ ਅਤੇ 2011 ਵਿਸ਼ਵ ਕੱਪ ’ਚ ਖ਼ਿਤਾਬ ਜਿੱਤਣ ਵਾਲੀ ਭਾਰਤੀ ਟੀਮ ’ਚ ਅਹਿਮ ਭੂਮਿਕਾ ਅਦਾ ਕੀਤੀ ਸੀ। ਯੁਵਰਾਜ ਦੇ ਸੰਨਿਆਸ ਲੈਣ ਦਾ ਇਕ ਕਾਰਨ ਇਹ ਵੀ ਸੀ ਕਿ ਉਹ ਦੁਨੀਆਂ ਭਰ ਦੀ ਲੀਗ ’ਚ ਖੇਡਣਾ ਚਾਹੁੰਦਾ ਸੀ। ਭਾਰਤੀ ਕ੍ਰਿਕਟ ਬੋਰਡ ਅਜੇ ਸਰਗਰਮ ਕ੍ਰਿਕਟਰ ਨੂੰ ਕਿਸੇ ਵਿਦੇਸ਼ੀ ਲੀਗ ’ਚ ਹਿੱਸਾ ਲੈਣ ਦੀ ਇਜਾਜ਼ਤ ਨਹੀਂ ਦਿੰਦਾ, ਇਸ ਵਾਸਤੇ ਉਸ ਨੇ ਸੰਨਿਆ ਲੈਣ ਦਾ ਫ਼ੈਸਲਾ ਕੀਤਾ ਸੀ। ਸੰਨਿਆਸ ਤੋਂ ਬਾਅਦ 37 ਸਾਲਾ ਇਸ ਖਿਡਾਰੀ ਨੇ ਜੁਲਾਈ-ਅਗਸਤ ’ਚ ਵਿਸ਼ਵ ਪੱਧਰੀ ਟੀ-20 ਕੈਨੇਡਾ ’ਚ ਟੋਰੰਟੋ ਨੈਸ਼ਨਲਜ਼ ਦੀ ਕਪਤਾਨੀ ਕੀਤੀ।
ਮਰਾਠਾ ਅਰੇਬੀਅਨਜ਼ ਨੇ ਹਾਲ ’ਚ ਜ਼ਿੰਬਾਬਵੇ ਦੇ ਸਾਬਕਾ ਕਪਤਾਨ ਐਂਡੀ ਫਲਾਵਰ ਨੂੰ ਆਪਣਾ ਮੁੱਖ ਕੋਚ ਨਿਯੁਕਤ ਕੀਤਾ ਸੀ। ਯੁਵਰਾਜ ਨੇ ਕਿਹਾ, ‘‘ਇਸ ਰੋਮਾਂਚਕ ਨਵੇਂ ਰੂਪ ਦਾ ਹਿੱਸਾ ਹੋਣਾ ਸ਼ਾਨਦਾਰ ਹੈ। ਮੈਂ ਟੀਮ ਮਰਾਠਾ ਅਰੇਬੀਅਨਜ਼ ਦੀ ਨੁਮਾਇੰਦਗੀ ਕਰ ਕੇ ਇਸ ਲੀਗ ’ਚ ਖੇਡਣ ਲਈ ਤਿਆਰ ਹਾਂ ਜਿਸ ਵਿੱਚ ਦੁਨੀਆਂ ਦੇ ਕੁਝ ਵੱਡੇ ਖਿਡਾਰੀ ਵੀ ਭਾਗ ਲੈਣਗੇ।’’ ਵੈਸਟਇੰਡੀਜ਼ ਦਾ ਸਾਬਕਾ ਕਪਤਾਨ ਡਵੇਨ ਬਰਾਵੋ ਪਿਛਲੇ ਗੇੜ ਵਾਂਗ ਫਰੈਂਚਾਈਜ਼ੀ ਦੀ ਅਗਵਾਈ ਜਾਰੀ ਰੱਖੇਗਾ। ਇਸ ਫਰੈਂਚਾਈਜ਼ ਨੇ ਕੁਝ ਹੋਰ ਖਿਡਾਰੀਆਂ ਨੂੰ ਵੀ ਬਰਕਰਾਰ ਰੱਖਿਆ ਜਿਨ੍ਹਾਂ ’ਚ ਸ੍ਰੀਲੰਕਾ ਦੀ ਟੀ-20 ਕੌਮਾਂਤਰੀ ਟੀਮ ਦਾ ਕਪਤਾਨ ਲਸਿਥ ਮਲਿੰਗਾ ਤੋਂ ਇਲਾਵਾ ਅਫ਼ਗਾਨਿਸਤਾਨ ਦਾ ਹਜ਼ਰਤੁੱਲਾਹ ਜਜਈ ਤੇ ਨਜ਼ੀਬੁੱਲਾਹ ਜਰਦਾਨ ਸ਼ਾਮਲ ਹਨ। ਆਸਟਰੇਲੀਆ ਦੇ ‘ਪਾਵਰ ਹਿਟਰ’ ਕ੍ਰਿਸ ਲਿਨ ਨੂੰ ਫਰੈਂਚਾਈਜ਼ੀ ਦਾ ਆਈਕਲ ਖਿਡਾਰੀ ਬਣਾਇਆ ਗਿਆ ਸੀ।