ਦੁਬਈ, 18 ਜਨਵਰੀ
ਅਬੂਧਾਬੀ ’ਚ ਤਿੰਨ ਤੇਲ ਟੈਂਕਰਾਂ ਅਤੇ ਕੌਮਾਂਤਰੀ ਹਵਾਈ ਅੱਡੇ ’ਤੇ ਕਥਿਤ ਡਰੋਨ ਹਮਲੇ ’ਚ ਦੋ ਭਾਰਤੀ ਅਤੇ ਇਕ ਪਾਕਿਸਤਾਨੀ ਹਲਾਕ ਹੋ ਗਏ ਜਦਕਿ ਛੇ ਹੋਰ ਜਣੇ ਜ਼ਖ਼ਮੀ ਹੋਏ ਹਨ। ਪੁਲੀਸ ਨੇ ਕਿਹਾ ਕਿ ਹਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਖ਼ਮੀਆਂ ਦੀ ਪਛਾਣ ਨਹੀਂ ਦੱਸੀ ਗਈ ਹੈ। ਅਬੂਧਾਬੀ ਪੁਲੀਸ ਨੇ ਸੰਭਾਵੀ ਹਮਲੇ ਦੇ ਸ਼ੱਕੀਆਂ ਬਾਰੇ ਅਜੇ ਕੋਈ ਐਲਾਨ ਨਹੀਂ ਕੀਤਾ ਹੈ ਪਰ ਯਮਨ ਦੇ ਹੂਤੀ ਬਾਗ਼ੀਆਂ ਨੇ ਯੂਏਈ ਨੂੰ ਨਿਸ਼ਾਨਾ ਬਣਾਉਣ ਦੀ ਜ਼ਿੰਮੇਵਾਰੀ ਲਈ ਹੈ। ਹੂਤੀ ਬਾਗ਼ੀਆਂ ਨੇ ਕਈ ਹਮਲਿਆਂ ਦਾ ਦਾਅਵਾ ਕੀਤਾ ਹੈ ਪਰ ਅਮੀਰਾਤ ਦੇ ਅਧਿਕਾਰੀਆਂ ਨੇ ਇਨ੍ਹਾਂ ਤੋਂ ਇਨਕਾਰ ਕੀਤਾ ਹੈ।
ਹੂਤੀ ਬਾਗ਼ੀਆਂ ਨੇ ਕੁਝ ਦਿਨ ਪਹਿਲਾਂ ਯੂਏਈ ਦੇ ਝੰਡੇ ਵਾਲੇ ਸਮੁੰਦਰੀ ਜਹਾਜ਼ ’ਤੇ ਕਬਜ਼ਾ ਕਰ ਲਿਆ ਸੀ। ਅਬੂਧਾਬੀ ਨੇ ਆਪਣੀ ਫ਼ੌਜ ਨੂੰ ਯਮਨ ਤੋਂ ਹਟਾ ਲਿਆ ਹੈ ਪਰ ਉਸ ਵੱਲੋਂ ਸਥਾਨਕ ਫ਼ੌਜ ਦੀ ਹਮਾਇਤ ਕੀਤੀ ਜਾ ਰਹੀ ਹੈ ਜਿਸ ਦਾ ਬਾਗ਼ੀ ਹੂਤੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਅਬੂਧਾਬੀ ਪੁਲੀਸ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਸੰਕੇਤ ਮਿਲੇ ਹਨ ਕਿ ਕੁਝ ਛੋਟੇ ਉੱਡਣ ਵਾਲੇ ਉਪਕਰਣ, ਜੋ ਡਰੋਨ ਹੋ ਸਕਦੇ ਹਨ, ਦੋ ਇਲਾਕਿਆਂ ’ਚ ਡਿੱਗੇ ਜਿਸ ਨਾਲ ਧਮਾਕਾ ਹੋਇਆ ਅਤੇ ਅੱਗ ਲੱਗੀ। ਉਨ੍ਹਾਂ ਭਾਰੀ ਨੁਕਸਾਨ ਤੋਂ ਇਨਕਾਰ ਕੀਤਾ ਹੈ।