ਕਾਬੁਲ, 19 ਦਸੰਬਰ
ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਉੱਤਰੀ ਇਲਾਕੇ ਵਿੱਚ ਇੱਕ ਸੁਰੰਗ ਵਿੱਚ ਤੇਲ ਦੇ ਟੈਂਕਰ ’ਚ ਧਮਾਕਾ ਹੋਇਆ, ਜਿਸ ਕਾਰਨ ਘੱਟੋ-ਘੱਟ 19 ਜਣਿਆਂ ਦੀ ਮੌਕੇ ’ਤੇ ਮੌਤ ਹੋ ਗਈ, ਜਦਕਿ 32 ਹੋਰ ਜ਼ਖ਼ਮੀ ਹੋ ਗਏ।
ਸਾਲੰਗ ਨਾਂ ਦੀ ਇਹ ਸੁਰੰਗ ਕਾਬੁਲ ਤੋਂ ਉੱਤਰ ਵੱਲ 80 ਮੀਲ ਦੂਰ ਸਥਿਤ ਹੈ। ਅਸਲ ਵਿੱਚ ਇਹ ਸੁਰੰਗ 1960 ਦੌਰਾਨ ਸੋਵੀਅਤ ਹਮਲੇ ’ਚ ਮਦਦ ਲਈ ਬਣਾਈ ਗਈ ਸੀ ਅਤੇ ਇਹ ਦੇਸ਼ ਦੇ ਉੱਤਰ ਅਤੇ ਦੱਖਣ ਨੂੰ ਆਪਸ ਵਿੱਚ ਜੋੜਦੀ ਹੈ। ਪਰਵਾਨ ਸੂਬੇ ਦੇ ਬੁਲਾਰੇ ਸੈਦ ਹਿਮਤੁੱਲਾ ਸ਼ਮੀਮ ਅਨੁਸਾਰ ਸ਼ਨਿੱਚਰਵਾਰ ਦੇਰ ਰਾਤ ਸੁਰੰਗ ਵਿੱਚ ਧਮਾਕੇ ਕਾਰਨ ਬੱਚਿਆਂ ਅਤੇ ਔਰਤਾਂ ਸਣੇ ਕਰੀਬ 19 ਜਣਿਆਂ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਹਾਲੇ ਵੀ ਕਈ ਲੋਕ ਮਲਬੇ ਹੇਠ ਦੱਬੇ ਹੋਏ ਹਨ, ਜਿਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਹਾਲੇ ਤੱਕ ਟੈਂਕਰ ਵਿੱਚ ਧਮਾਕਾ ਹੋਣ ਦਾ ਕਾਰਨ ਪਤਾ ਨਹੀਂ ਲੱਗ ਸਕਿਆ ਹੈ।
ਸਥਾਨਕ ਅਧਿਕਾਰੀ ਡਾ. ਅਬਦੁੱਲਾ ਅਫ਼ਗਾਨ ਅਨੁਸਾਰ ਪਰਵਾਨ ਦੇ ਸਿਹਤ ਵਿਭਾਗ ਤੋਂ ਪਤਾ ਲੱਗਿਆ ਹੈ ਕਿ ਘਟਨਾ ਸਥਾਨ ਤੋਂ 14 ਲਾਸ਼ਾਂ ਬਰਾਮਦ ਹੋਈਆਂ ਹਨ, ਜਦਕਿ 24 ਜਣੇ ਜ਼ਖ਼ਮੀ ਹੋਏ ਹਨ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਵਿੱਚ ਪੰਜ ਔਰਤਾਂ ਅਤੇ ਦੋ ਬੱਚੇ ਹਨ, ਜਦਕਿ ਬਾਕੀ ਪੁਰਸ਼ ਹਨ। ਮ੍ਰਿਤਕਾਂ ਦੇ ਸਰੀਰ ਬੁਰੀ ਤਰ੍ਹਾਂ ਝੁਲਸ ਚੁੱਕੇ ਹਨ, ਜਿਸ ਕਾਰਨ ਉਨ੍ਹਾਂ ਦੀ ਪਛਾਣ ਨਹੀਂ ਹੋ ਸਕੀ ਹੈ। ਲੋਕ ਨਿਰਮਾਣ ਮੰਤਰਾਲੇ ਦੇ ਬੁਲਾਰੇ ਮੌਲਵੀ ਹਮੀਦੁੱਲਾ ਮਿਸਬਾਹ ਨੇ ਦੱਸਿਆ ਕਿ ਅੱਜ ਸਵੇਰੇ ਅੱਗ ’ਤੇ ਕਾਬੂ ਪਾ ਲਾ ਗਿਆ ਹੈ, ਜਦਕਿ ਸੁਰੰਗ ਵਿੱਚੋਂ ਮਲਬਾ ਹਟਾਉਣ ਦਾ ਕੰਮ ਅਜੇ ਵੀ ਜਾਰੀ ਹੈ।