ਅੰਮ੍ਰਿਤਸਰ, 8 ਸਤੰਬਰ
ਸਰਦੀਆਂ ਦੇ ਮੌਸਮ ਅਤੇ ਤਿਉਹਾਰਾਂ ਦੇ ਮੱਦੇਨਜ਼ਰ ਅਫਗਾਨਿਸਤਾਨ ਤੋਂ ਆਉਣ ਵਾਲੇ ਸੁੱਕੇ ਮੇਵੇ ਦੀ ਸਪਲਾਈ ਵੀ ਦੋ ਗੁਣਾ ਵਧ ਗਈ ਹੈ। ਇਹ ਸੁੱਕੇ ਮੇਵੇ ਅਤੇ ਫ਼ਲ ਅਫਗਾਨਿਸਤਾਨ ਤੋਂ ਪਾਕਿਸਤਾਨ ਰਸਤੇ ਅਟਾਰੀ ਸਥਿਤ ਆਈਸੀਪੀ ’ਤੇ ਪੁੱਜਦੇ ਹਨ। ਸੜਕ ਰਸਤੇ ਭਾਰਤ ਵੱਲੋਂ ਅਫਗਾਨਿਸਤਾਨ ਨਾਲ ਇੱਕਪਾਸੜ ਵਪਾਰ ਹੁੰਦਾ ਹੈ। ਇਸ ਵਪਾਰ ਰਾਹੀਂ ਅਫਗਾਨਿਸਤਾਨ ਤੋਂ ਸੁੱਕੇ ਮੇਵੇ, ਮਸਾਲੇ ਅਤੇ ਤਾਜ਼ੇ ਫਲ ਦਰਾਮਦ ਕੀਤੇ ਜਾਂਦੇ ਹਨ। ਤਾਜ਼ੇ ਫਲਾਂ ਵਿੱਚ ਵਧੇਰੇ ਅਨਾਰ, ਸੇਬ ,ਅੰਗੂਰ, ਚੈਰੀ ਤੇ ਹੋਰ ਸ਼ਾਮਲ ਹਨ। ਭਾਵੇਂ ਸੁੱਕੇ ਮੇਵਿਆਂ ਦੀ ਦਰਾਮਦ ਸਾਰਾ ਸਾਲ ਚੱਲਦੀ ਰਹਿੰਦੀ ਹੈ ਪਰ ਸਰਦੀਆਂ ਦੇ ਮੌਸਮ ਅਤੇ ਤਿਉਹਾਰਾਂ ਦੀ ਸ਼ੁਰੂਆਤ ਵਿੱਚ ਇਹ ਦਰਾਮਦ ਦੋ ਗੁਣਾ ਹੋ ਜਾਂਦੀ ਹੈ। ਇਸ ਦੀ ਪੁਸ਼ਟੀ ਕਰਦਿਆਂ ਆਈਸੀਪੀ ਦੇ ਮੈਨੇਜਰ ਸਤੀਸ਼ ਦਿਆਨੀ ਨੇ ਦੱਸਿਆ ਕਿ ਪਿਛਲੇ ਦੋ ਹਫਤਿਆਂ ਤੋਂ ਦਰਾਮਦ ਵਿਚ ਵਾਧਾ ਹੋਇਆ ਹੈ। ਅਫਗਾਨਿਸਤਾਨ ਤੋਂ ਪਹਿਲਾਂ ਰੋਜ਼ਾਨਾ ਲਗਪਗ 440 ਟਨ ਮਾਲ ਆਉਂਦਾ ਸੀ, ਜੋ ਹੁਣ ਵੱਧ ਕੇ 1100 ਟਨ ਹੋ ਗਿਆ ਹੈ।
15 ਅਗਸਤ ਤੋਂ ਪਹਿਲਾਂ ਰੋਜ਼ਾਨਾ ਔਸਤਨ 20 ਟਰੱਕਾਂ ਦੀ ਆਮਦ ਹੁੰਦੀ ਸੀ, ਜੋ ਹੁਣ ਵੱਧ ਕੇ 50 ਟਰੱਕ ਹੋ ਗਏ ਹਨ। ਇਹ ਦਰਾਮਦ ਭਵਿੱਖ ਵਿੱਚ ਹੋਰ ਵੱਧਣ ਦੀ ਸੰਭਾਵਨਾ ਹੈ।
ਵਪਾਰੀ ਅਤੇ ਦਰਾਮਦਕਾਰ ਅਨਿਲ ਮਹਿਰਾ ਨੇ ਦੱਸਿਆ ਕਿ ਦਰਾਮਦ ਕੀਤੀਆਂ ਕੁਝ ਵਸਤੂਆਂ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਇਨ੍ਹਾਂ ਦੀ ਸਹੀ ਕੀਮਤ ਵਸਤਾਂ ਦੇ ਬਾਜ਼ਾਰ ਵਿੱਚ ਆਉਣ ਤੋਂ ਬਾਅਦ ਪਤਾ ਲੱਗੇਗੀ। ਅਫਗਾਨਿਸਤਾਨ ਤੋਂ ਬਰਾਮਦ ਕੀਤੇ ਗਏ ਸੁੱਕੇ ਫਲਾਂ ਦੀ ਸ਼੍ਰੇਣੀ ਵਿੱਚ ਅੰਜੀਰ ਸਭ ਤੋਂ ਵੱਧ ਮਸ਼ਹੂਰ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਦੀ ਕੀਮਤ ਵਿੱਚ ਲਗਪਗ 200 ਰੁਪਏ ਪ੍ਰਤੀ ਕਿਲੋ ਦਾ ਵਾਧਾ ਹੋਣ ਦੀ ਸੰਭਾਵਨਾ ਹੈ। ਇਹ ਬਾਜ਼ਾਰ ਵਿੱਚ 750 ਰੁਪਏ ਤੋਂ ਲੈ ਕੇ 850 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਉਪਲਬਧ ਹੋਵੇਗੀ। ਇਸੇ ਤਰ੍ਹਾਂ ਮੁਨੱਕਾ ਅਤੇ ਬਦਾਮ ਦੀਆਂ ਕੀਮਤਾਂ ਵਿੱਚ ਵੀ ਕੁਝ ਉਛਾਲ ਆਇਆ ਹੈ।