ਨਵੀਂ ਦਿੱਲੀ, 23 ਮਾਰਚ
ਪੁਲਿਤਜ਼ਰ ਸਨਮਾਨ ਜੇਤੂ ਮਰਹੂਮ ਫੋਟੋ ਪੱਤਰਕਾਰ ਦਾਨਿਸ਼ ਸਿੱਦੀਕੀ ਦੇ ਪਰਿਵਾਰ ਨੇ ਉਸ ਦੀ ਹੱਤਿਆ ਦੀ ਜਾਂਚ ਲਈ ਕੌਮਾਂਤਰੀ ਅਪਰਾਧ ਅਦਾਲਤ ਤੱਕ ਪਹੁੰਚ ਕੀਤੀ ਹੈ। ਉਨ੍ਹਾਂ ਦਾਨਿਸ਼ ਦੀ ਹੱਤਿਆ ਲਈ ਜ਼ਿੰਮੇਵਾਰ ਲੋਕਾਂ ਜਿਨ੍ਹਾਂ ਵਿਚ ਤਾਲਿਬਾਨ ਦੇ ਕਮਾਂਡਰ-ਆਗੂ ਸ਼ਾਮਲ ਹਨ, ਨੂੰ ਕਾਨੂੰਨੀ ਘੇਰੇ ਵਿਚ ਲਿਆਉਣ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਸਿੱਦੀਕੀ (38) ਪਿਛਲੇ ਸਾਲ ਅਫ਼ਗਾਨਿਸਤਾਨ ਵਿਚ ਪੇਸ਼ੇਵਰ ਡਿਊਟੀ ’ਤੇ ਸਨ ਜਦ 16 ਜੁਲਾਈ ਨੂੰ ਉਨ੍ਹਾਂ ਦੀ ਹੱਤਿਆ ਹੋ ਗਈ ਸੀ। ਫੋਟੋ ਪੱਤਰਕਾਰ ਤਾਲਿਬਾਨ ਤੇ ਅਫ਼ਗਾਨ ਬਲਾਂ ਵਿਚਾਲੇ ਹੋ ਰਹੀ ਜੰਗ ਨੂੰ ਕਵਰ ਕਰ ਰਿਹਾ ਸੀ। ਪਰਿਵਾਰ ਦੇ ਵਕੀਲ ਅਵੀ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਅਦਾਲਤ ਨੂੰ ਸ਼ਿਕਾਇਤ ਭੇਜ ਦਿੱਤੀ ਗਈ ਹੈ। ਅਫ਼ਗਾਨਿਸਤਾਨ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਮੁਹੰਮਦ ਹਸਨ ਅਖੁੰਦ ਤੇ ਉਪ ਪ੍ਰਧਾਨ ਮੰਤਰੀ ਅਬਦੁਲ ਗ਼ਨੀ ਬਰਾਦਰ ਖ਼ਿਲਾਫ਼ ਵੀ ਸ਼ਿਕਾਇਤ ਭੇਜੀ ਗਈ ਹੈ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਵਿਚ ਭਾਰਤ ਸਰਕਾਰ ਤੋਂ ਵੀ ਮਦਦ ਮੰਗਣਗੇ।