ਕਾਬੁਲ, 24 ਅਗਸਤ
ਤਾਲਿਬਾਨ ਨੇ ਕਿਹਾ ਹੈ ਕਿ ਅਮਰੀਕਾ ਨੂੰ 31 ਅਗਸਤ ਤੱਕ ਅਫ਼ਗਾਨਿਸਤਾਨ ਵਿੱਚੋਂ ਲੋਕਾਂ ਨੂੰ ਕੱਢਣ ਦਾ ਕੰਮ ਮੁਕੰਮਲ ਕਰ ਲੈਣਾ ਚਾਹੀਦਾ ਹੈ ਕਿਉਂਕਿ ਇਸ ਤੋਂ ਅੱਗੇ ਸਮਾਂ ਸੀਮਾ ਨਹੀਂ ਵਧਾਈ ਜਾਵੇਗੀ। ਤਾਲਿਬਾਨ ਦੇ ਤਰਜਮਾਨ ਜ਼ਬੀਹਉੱਲ੍ਹਾ ਮੁਜਾਹਿਦ ਨੇ ਕਿਹਾ ਕਿ ਉਸ ਦੇ ਗਰੁੱਪ ਵੱਲੋਂ ਦਿੱਤੀ ਸਮਾਂ ਸੀਮਾ ’ਚ ਕੋਈ ਵਾਧਾ ਮਨਜ਼ੂਰ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਸਥਿਤੀ ਸੁਧਰ ਰਹੀ ਹੈ, ਪਰ ਹਵਾਈ ਅੱਡੇ ’ਤੇ ਅਫਰਾ-ਤਫਰੀ ਕਾਰਨ ਸਮੱਸਿਆ ਬਣੀ ਹੋਈ ਹੈ। ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ਼ ਗਨੀ ਵੱਲੋਂ ਦੇਸ਼ ਛੱਡ ਕੇ ਜਾਣ ਮਗਰੋਂ ਤਾਲਿਬਾਨ ਨੇ ਕਾਬੁਲ ’ਤੇ ਕਬਜ਼ਾ ਕਰ ਲਿਆ ਸੀ। ਮੁਜਾਹਿਦ ਨੇ ਕਿਹਾ ਕਿ ਉਸ ਨੂੰ ਤਾਲਿਬਾਨ ਅਤੇ ਅਮਰੀਕੀ ਖ਼ੁਫ਼ੀਆ ਏਜੰਸੀ ਸੀਆਈਏ ਦਰਮਿਆਨ ਮੀਟਿੰਗ ਹੋਣ ਸਬੰਧੀ ਕੋਈ ‘ਜਾਣਕਾਰੀ ਨਹੀਂ’ ਹੈ। ਹਾਲਾਂਕਿ, ਉਨ੍ਹਾਂ ਇਸ ਤਰ੍ਹਾਂ ਦੀ ਮੀਟਿੰਗ ਹੋਣ ਤੋਂ ਇਨਕਾਰ ਨਹੀਂ ਕੀਤਾ। ਇਸ ਤੋਂ ਪਹਿਲਾਂ ਅਜਿਹੀਆਂ ਰਿਪੋਰਟਾਂ ਆਈਆਂ ਸਨ ਕਿ ਅਮਰੀਕੀ ਕੇਂਦਰੀ ਖੁਫੀਆ ਏਜੰਸੀ (ਸੀਆਈਏ) ਦੇ ਡਾਇਰੈਕਟਰ ਨੇ ਸੋਮਵਾਰ ਨੂੰ ਕਾਬੁਲ ਵਿੱਚ ਤਾਲਿਬਾਨ ਨੇਤਾ ਅਬਦੁਲ ਗਨੀ ਬਰਾਦਰ ਨਾਲ ਗੁਪਤ ਮੀਟਿੰਗ ਕੀਤੀ ਹੈ।