ਸੰਯੁਕਤ ਰਾਸ਼ਟਰ, 20 ਅਗਸਤ
ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਅੱਜ ਕਿਹਾ ਕਿ ਭਾਰਤ ਦੇ ਅਫ਼ਗ਼ਾਨ ਲੋਕਾਂ ਨਾਲ ਇਤਿਹਾਸਕ ਰਿਸ਼ਤੇ ਹਨ, ਜੋ ਵਿਚਾਰਾਂ ਤੇ ਨਜ਼ਰੀਏ ਨੂੰ ਸੇਧ ਦਿੰਦੇ ਰਹਿਣਗੇ। ਜੈਸ਼ੰਕਰ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਕੌਂਸਲ ਵਿੱਚ ਜੰਗ ਦੇ ਝੰਬੇ ਮੁਲਕ ਦੇ ਮੌਜੂਦਾ ਹਾਲਾਤ ਦੇ ਸੰਦਰਭ ਵਿੱਚ ਬੋਲ ਰਹੇ ਸਨ। ਉਨ੍ਹਾਂ ਕਿਹਾ ਕਿ ਭਾਰਤ ਦਾ ਸਾਰਾ ਧਿਆਨ ਇਸ ਵੇਲੇ ਅਫ਼ਗ਼ਾਨਿਸਤਾਨ ਵਿੱਚ ਫਸੇ ਆਪਣੇ ਨਾਗਰਿਕਾਂ ਦੀ ਸੁਰੱਖਿਅਤ ਵਾਪਸੀ ਵੱਲ ਲੱਗਾ ਹੋਇਆ ਹੈ।
ਭਾਰਤ ਦੇ ਵਿਦੇਸ਼ ਮੰਤਰੀ ਨੇ ਕਿਹਾ, ‘‘ਸਾਡੇ ਅਫ਼ਗ਼ਾਨ ਲੋਕਾਂ ਨਾਲ ਇਤਿਹਾਸਕ ਰਿਸ਼ਤੇ ਹਨ ਤੇ ਮੇਰਾ ਮੰਨਣਾ ਹੈ ਕਿ ਇਹ ਰਿਸ਼ਤੇ ਸਾਡੇ ਵਿਚਾਰਾਂ ਤੇ ਨਜ਼ਰੀਏ ਨੂੰ ਅੱਗੋਂ ਵੀ ਸੇਧ ਦੇਣੀ ਜਾਰੀ ਰੱਖਣਗੇ।’’ ਇਕ ਹੋਰ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ, ‘‘ਅਸੀਂ ਆਪਣੇ ਕੌਮਾਂਤਰੀ ਭਾਈਵਾਲਾਂ ਖਾਸ ਕਰਕੇ ਅਮਰੀਕਾ ਨਾਲ ਮਿਲ ਕੇ ਕੰਮ ਕਰ ਰਹੇ ਹਾਂ। ਕਿਉਂਕਿ ਹਵਾਈ ਅੱਡੇ ਦਾ ਕੰਟਰੋਲ ਇਸ ਵੇਲੇ ਉਸ ਦੇ ਕੋਲ ਹੈ।’’ ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਭਾਰਤੀ ਨਾਗਰਿਕਾਂ ਦੀ ਅਫ਼ਗ਼ਾਨਿਸਤਾਨ ਤੋਂ ਘਰ ਵਾਪਸੀ ਉਨ੍ਹਾਂ ਦੀ ਸਿਖਰਲੀ ਤਰਜੀਹ ਰਹੇਗੀ। ਉਨ੍ਹਾਂ ਫ਼ਰਾਂਸ ਦੇ ਆਪਣੇ ਹਮਰੁਤਬਾ ਯਾਂ ਯਵੇ ਲਾ ਦ੍ਰੀਆਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਕਿਉਂਕਿ ਫਰਾਂਸ ਨੇ ਕਾਬੁਲ ਵਿਚ ਫਸੇ ਕੁਝ ਭਾਰਤੀ ਨਾਗਰਿਕਾਂ ਨੂੰ ਪੈਰਿਸ ਲਿਜਾਣ ਵਿੱਚ ਮਦਦ ਕੀਤੀ ਸੀ। ਉਨ੍ਹਾਂ ਕੁੱਲ ਆਲਮ ਨੂੰ ਅਤਿਵਾਦ ਦੇ ਰੂਪ ਵਿੱਚ ਦਰਪੇਸ਼ ਖ਼ਤਰੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਭਾਰਤ ਨੂੰ ਸਰਹੱਦ ਪਾਰੋਂ ਦਹਿਸ਼ਤਗਰਦੀ ਦੇ ਖ਼ਤਰੇ ਦਾ ਲੰਮਾ ਤਜਰਬਾ ਹੈ।