ਭਾਰਤ ਨੇ ਇੱਕ ਵਾਰ ਫਿਰ ਅਫਗਾਨਿਸਤਾਨ ਪ੍ਰਤੀ ਆਪਣੀ ਉਦਾਰਤਾ ਦਿਖਾਈ ਹੈ, ਜਿਸ ਵਿੱਚ 160 ਅਫਗਾਨ ਟਰੱਕਾਂ ਨੂੰ ਅਟਾਰੀ-ਵਾਹਗਾ ਸਰਹੱਦ ਰਾਹੀਂ ਵਿਸ਼ੇਸ਼ ਐਂਟਰੀ ਦੀ ਇਜਾਜ਼ਤ ਦਿੱਤੀ ਗਈ ਹੈ। ਇਹ ਟਰੱਕ ਸੁੱਕੇ ਮੇਵੇ ਅਤੇ ਨਟਸ ਵਰਗੇ ਸਮਾਨ ਲੈ ਕੇ ਭਾਰਤ ਪਹੁੰਚੇ ਹਨ। ਇਹ ਕਦਮ ਭਾਰਤ ਅਤੇ ਤਾਲਿਬਾਨ ਵਿਚਾਲੇ ਹਾਲ ਹੀ ਵਿੱਚ ਹੋਈ ਪਹਿਲੀ ਰਾਜਨੀਤਿਕ ਗੱਲਬਾਤ ਤੋਂ ਬਾਅਦ ਚੁੱਕਿਆ ਗਿਆ ਹੈ।

ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਵੀਰਵਾਰ ਨੂੰ ਅਫਗਾਨਿਸਤਾਨ ਦੇ ਕਾਰਜਕਾਰੀ ਵਿਦੇਸ਼ ਮੰਤਰੀ ਅਮੀਰ ਖਾਨ ਮੁਤਾਕੀ ਨਾਲ ਫ਼ੋਨ ‘ਤੇ ਗੱਲਬਾਤ ਕੀਤੀ। ਇਹ ਭਾਰਤ ਅਤੇ ਤਾਲਿਬਾਨ ਵਿਚਕਾਰ ਪਹਿਲਾ ਰਸਮੀ ਰਾਜਨੀਤਿਕ ਸੰਪਰਕ ਸੀ। ਮੁਤਾਕੀ ਨੇ ਜੈਸ਼ੰਕਰ ਨੂੰ ਆਪਣੀ ਆਉਣ ਵਾਲੀ ਈਰਾਨ ਅਤੇ ਚੀਨ ਫੇਰੀ ਤੋਂ ਪਹਿਲਾਂ ਫੋਨ ਕੀਤਾ। ਇਹ ਅਜਿਹੀ ਚੀਜ਼ ਹੈ ਜਿਸਨੂੰ ਭਾਰਤ ਬਹੁਤ ਅਹਿਮੀਅਤ ਦਿੰਦਾ ਹੈ। ਇਸ ਗੱਲਬਾਤ ਤੋਂ ਅਗਲੇ ਹੀ ਦਿਨ ਭਾਰਤ ਨੇ ਅਫਗਾਨੀ ਟਰੱਕਾਂ ਨੂੰ ਅਟਾਰੀ ਸਰਹੱਦ ਰਾਹੀਂ ਦਾਖਲ ਹੋਣ ਦੀ ਇਜਾਜ਼ਤ ਦੇ ਦਿੱਤੀ।

ਸੂਤਰਾਂ ਮੁਤਾਬਕ ਪਾਕਿਸਤਾਨ ਨੇ ਸ਼ੁਰੂ ਵਿੱਚ ਵਾਹਗਾ ਸਰਹੱਦ ‘ਤੇ ਇਨ੍ਹਾਂ ਟਰੱਕਾਂ ਦੀ ਕਲੀਅਰੈਂਸ ਵਿੱਚ ਦੇਰੀ ਕੀਤੀ, ਪਰ ਸ਼ੁੱਕਰਵਾਰ ਨੂੰ ਕੁਝ ਟਰੱਕਾਂ ਨੂੰ ਅਟਾਰੀ ‘ਤੇ ਅਨਲੋਡ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ।

22 ਅਪ੍ਰੈਲ ਨੂੰ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ 26 ਲੋਕ ਮਾਰੇ ਗਏ ਸਨ। ਇਸ ਤੋਂ ਬਾਅਦ ਭਾਰਤ ਨੇ 24 ਅਪ੍ਰੈਲ ਨੂੰ ਅਟਾਰੀ-ਵਾਹਗਾ ਸਰਹੱਦ ਬੰਦ ਕਰ ਦਿੱਤੀ। ਭਾਰਤ ਨੇ ਇਸ ਹਮਲੇ ਲਈ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਇਆ, ਜਿਸ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਵਧ ਗਿਆ। ਭਾਰਤ ਨੇ ਟ੍ਰਾਂਸਸ਼ਿਪਮੈਂਟ ਸਹੂਲਤਾਂ ਸਮੇਤ ਸਾਰੇ ਵਪਾਰ ਨੂੰ ਮੁਅੱਤਲ ਕਰ ਦਿੱਤਾ। ਇਸ ਦੇ ਬਾਵਜੂਦ ਭਾਰਤ ਨੇ ਅਫਗਾਨਿਸਤਾਨ ਨੂੰ ਇਹ ਵਿਸ਼ੇਸ਼ ਛੋਟ ਦਿੱਤੀ ਹੈ।

ਭਾਰਤ ਦੱਖਣੀ ਏਸ਼ੀਆ ਵਿੱਚ ਅਫਗਾਨਿਸਤਾਨ ਦਾ ਸਭ ਤੋਂ ਵੱਡਾ ਨਿਰਯਾਤ ਬਾਜ਼ਾਰ ਹੈ, ਜਿਸ ਨਾਲ ਦੋਵਾਂ ਦੇਸ਼ਾਂ ਵਿਚਾਲੇ ਲਗਭਗ 1 ਬਿਲੀਅਨ ਡਾਲਰ ਦਾ ਵਪਾਰ ਹੁੰਦਾ ਹੈ। ਭਾਰਤ ਵਿੱਚ ਮੁੱਖ ਤੌਰ ‘ਤੇ ਸੁੱਕੇ ਮੇਵੇ, ਸੇਬ ਅਤੇ ਹੋਰ ਚੀਜ਼ਾਂ ਅਫਗਾਨਿਸਤਾਨ ਤੋਂ ਆਉਂਦੀਆਂ ਹਨ। ਅਟਾਰੀ-ਵਾਹਗਾ ਸਰਹੱਦ ਭਾਰਤ ਅਤੇ ਅਫਗਾਨਿਸਤਾਨ ਵਿਚਕਾਰ ਵਪਾਰ ਲਈ ਸਭ ਤੋਂ ਸਸਤਾ ਅਤੇ ਤੇਜ਼ ਰਸਤਾ ਹੈ। ਸਰਹੱਦ ਬੰਦ ਹੋਣ ਤੋਂ ਪਹਿਲਾਂ ਹਰ ਰੋਜ਼ 40-45 ਅਫਗਾਨੀ ਟਰੱਕ ਅਟਾਰੀ ਪਹੁੰਚਦੇ ਸਨ।

ਅਪ੍ਰੈਲ ਵਿੱਚ ਸਰਹੱਦ ਬੰਦ ਹੋਣ ਤੋਂ ਬਾਅਦ, ਪਾਕਿਸਤਾਨ ਨੇ 150 ਅਫਗਾਨੀ ਟਰੱਕਾਂ ਨੂੰ ਭਾਰਤ ਵਿੱਚ ਦਾਖਲ ਹੋਣ ਦੀ ਇਜਾਜ਼ਤ ਦੇ ਦਿੱਤੀ, ਜੋ 25 ਅਪ੍ਰੈਲ ਤੋਂ ਪਹਿਲਾਂ ਪਾਕਿਸਤਾਨ ਵਿੱਚ ਦਾਖਲ ਹੋਏ ਸਨ। ਇਸ ਵਾਰ ਵੀ, ਪਾਕਿਸਤਾਨ ਨੇ ਅਫਗਾਨ ਦੂਤਘਰ ਦੀ ਬੇਨਤੀ ‘ਤੇ ਕੁਝ ਟਰੱਕਾਂ ਨੂੰ ਮਨਜ਼ੂਰੀ ਦੇ ਦਿੱਤੀ। ਹਾਲਾਂਕਿ, ਭਾਰਤ-ਪਾਕਿਸਤਾਨ ਵਪਾਰ ਅਤੇ ਲੋਕਾਂ ਦੀ ਆਵਾਜਾਈ ‘ਤੇ ਪਾਬੰਦੀਆਂ ਜਾਰੀ ਹਨ।

ਭਾਰਤ ਨੇ 2021 ਤੋਂ ਲੈ ਕੇ ਹੁਣ ਤੱਕ ਅਫਗਾਨਿਸਤਾਨ ਨੂੰ 50,000 ਟਨ ਕਣਕ, 350 ਟਨ ਦਵਾਈਆਂ, 40,000 ਲੀਟਰ ਮੈਲਾਥੀਅਨ (ਕੀਟਨਾਸ਼ਕ) ਅਤੇ 28 ਟਨ ਭੂਚਾਲ ਰਾਹਤ ਸਮੱਗਰੀ ਭੇਜੀ ਹੈ। ਇਸ ਤੋਂ ਇਲਾਵਾ ਭਾਰਤ ਨੇ 2,000 ਅਫਗਾਨ ਵਿਦਿਆਰਥੀਆਂ ਨੂੰ ਆਨਲਾਈਨ ਸਕਾਲਰਸ਼ਿਪ ਪ੍ਰਦਾਨ ਕੀਤੀ ਹੈ। ਸੂਤਰਾਂ ਮੁਤਾਬਕ ਕਿ ਅਫਗਾਨ ਪੱਖ ਨੇ ਇਸ ਸਹਾਇਤਾ ਦੀ ਸ਼ਲਾਘਾ ਕੀਤੀ ਹੈ।