ਦੇਹਰਾਦੂਨ, ਅਫਗਾਨਿਸਤਾਨ ਦੀ ਕ੍ਰਿਕਟ ਟੀਮ ਨੇ ਸੋਮਵਾਰ ਨੂੰ ਇੱਥੇ ਆਇਰਲੈਂਡ ਨੂੰ ਹਰਾ ਕੇ ਪਹਿਲੀ ਵਾਰ ਟੈਸਟ ਮੈਚ ਜਿੱਤ ਕੇ ਇਤਿਹਾਸ ਰਚਿਆ ਹੈ।
ਟੈਸਟ ਮੈਚ ਵਿੱਚ ਅਫਗਾਨਿਸਤਾਨ ਸੋਮਵਾਰ ਨੂੰ ਚੌਥੇ ਦਿਨ ਆਇਰਲੈਂਡ ਨੂੰ ਸੱਤ ਵਿਕਟਾਂ ਨਾਲ ਹਰਾਉਣ ਵਿੱਚ ਕਾਮਯਾਬ ਰਿਹਾ ਹੈ। ਦੋਨਾਂ ਟੀਮਾਂ ਦਾ ਇਹ ਦੂਜਾ ਟੈਸਟ ਸੀ। ਅਫਗਾਨਿਸਤਾਨ ਨੇ 9 ਮਹੀਨੇ ਪਹਿਲਾਂ ਭਾਰਤ ਵਿਰੁੱਧ ਆਪਣੇ ਪਹਿਲੇ ਟੈਸਟ ਮੈਚ ਦੀ ਸ਼ੁਰੂਆਤ ਕੀਤੀ ਸੀ। ਆਇਰਲੈਂਡ ਨੇ ਪਿਛਲੇ ਸਾਲ ਮਈ ਵਿੱਚ ਪਾਕਿਸਤਾਨ ਨਾਲ ਟੈਸਟ ਮੈਚ ਖੇਡਿਆ ਸੀ। ਜਿੱਤ ਲਈ 147 ਦੌੜਾਂ ਦਾ ਪਿੱਛਾ ਕਰਨ ਉੱਤਰੀ ਅਫਗਾਨਿਸਤਾਨ ਦੀ ਟੀਮ ਲਈ ਰਹਿਮਤ ਸ਼ਾਹ ਅਤੇ ਅਹਿਸਾਨ ਉਲਾ ਜੱਨਤ ਦੀ ਦੂਜੀ ਵਿਕਟ ਲਈ 139 ਦੌੜਾਂ ਦੀ ਸਾਂਝੇਦਾਰੀ ਸਭ ਤੋਂ ਅਹਿਮ ਰਹੀ। ਸ਼ਾਹ ਨੇ 122 ਗੇਂਦਾਂ ਵਿੱਚ 76 ਦੌੜਾਂ ਅਤੇ ਜੱਨਤ 129 ਗੇਂਦਾਂ ਖੇਡਦਿਆਂ 65 ਦੌੜਾਂ ਬਣਾ ਕੇ ਨਾਬਾਦ ਰਿਹਾ। ਇਸ ਸਾਂਝੇਦਾਰੀ ਨੂੰ ਜੇਮਜ਼ ਕੈਮਰੂਨ ਡੋਵ (24 ਦੌੜਾਂ ਪਿੱਛੇ ਇੱਕ ਵਿਕਟ) ਨੇ ਸ਼ਾਹ ਦਾ ਵਿਕਟ ਲੈ ਕੇ ਤੋੜਿਆ। ਅਗਲੀ ਹੀ ਗੇਂਦ ਉੱਤੇ ਮੁਹੰਮਦ ਨਵੀ (1) ਵੀ ਆਊਟ ਹੋ ਗਿਆ। ਇਸ ਤੋਂ ਬਾਅਦ ਹਸ਼ਮਤਉਲਾ ਨੇ ਚੌਕਾ ਮਾਰ ਕੇ ਟੀਮ ਨੂੰ ਟੀਚੇ ਤੋਂ ਪਾਰ ਪਹੁੰਚਾ ਦਿੱਤਾ। ਇਸ ਜੇਤੂ ਦੌੜ ਦੇ ਨਾਲ ਅਫਗਾਨਿਸਤਾਨ ਦੇ ਡਰੈਸਿੰਗ ਰੂਮ ਦੇ ਵਿੱਚ ਖਿਡਾਰੀ ਖੁਸ਼ੀ ਦੇ ਨਾਲ ਝੂਮ ਉੱਠੇ। ਆਇਰਲੈਂਡ ਦੀ ਟੀਮ ਟੈਸਟ ਦੇ ਪਹਿਲੇ ਹੀ ਦਿਨ 172 ਦੌੜਾਂ ਉੱਤੇ ਆਊਟ ਹੋ ਕੇ ਬੈਕ ਫੁੱਟ ਉੱਤੇ ਆ ਗਈ ਸੀ। ਅਫਗਾਨਿਸਤਾਨ ਦੀ ਟੀਮ ਨੇ ਪਹਿਲੀ ਪਾਰੀ ਦੇ ਵਿੱਚ 314 ਦੌੜਾਂ ਬਣਾਈਆਂ ਅਤੇ ਵੱਡੀ ਲੀਡ ਲੈ ਕੇ ਜਿੱਤ ਦੀ ਨੀਂਹ ਰੱਖੀ। ‘ਮੈਨ ਆਫ ਦਿ ਮੈਚ’ ਸ਼ਾਹ ਨੇ ਪਹਿਲੀ ਪਾਰੀ ਵਿੱਚ ਵੀ ਅਰਧ ਸੈਂਕੜਾ ਮਾਰਿਆ ਸੀ। ਜਿੱਤ ਤੋਂ ਬਾਅਦ ਕਪਤਾਨ ਅਸਗਰ ਅਫਗਾਨ ਨੇ ਕਿਹਾ ਕਿ ਉਹ ਬੇਹੱਦ ਖੁਸ਼ ਹੈ। ਦੇਸ਼, ਟੀਮ ਅਤੇ ਦੇਸ਼ ਦੇ ਲੋਕਾਂ ਲਈ ਇਹ ਦਿਨ ਇਤਿਹਾਸਕ ਬਣ ਗਿਆ ਹੈ।