ਓਟਵਾ, 27 ਅਗਸਤ : ਅਫਗਾਨਿਸਤਾਨ ਸੰਕਟ ਦੇ ਨਾਲ ਨਾਲ ਕੋਵਿਡ-19 ਮਹਾਂਮਾਰੀ ਦਾ ਅਸਰ ਫੈਡਰਲ ਚੋਣਾਂ ਉੱਤੇ ਵੀ ਵੇਖਣ ਨੂੰ ਮਿਲ ਸਕਦਾ ਹੈ। ਇਨ੍ਹਾਂ ਮੁੱਦਿਆਂ ਦਾ ਲਿਬਰਲ ਆਗੂ ਜਸਟਿਨ ਟਰੂਡੋ ਦੀ ਚੋਣ ਕੈਂਪੇਨ ਸਬੰਧੀ ਕੋਸਿ਼ਸ਼ਾਂ ਉੱਤੇ ਵੀ ਅਸਰ ਪੈ ਸਕਦਾ ਹੈ ਕਿਉਂਕਿ ਉਨ੍ਹਾਂ ਦੀ ਸਰਕਾਰ ਦੇ ਰਿਕਾਰਡ ਦਾ ਮੁਲਾਂਕਣ ਹੋ ਸਕਦਾ ਹੈ।
ਇੱਕ ਪਾਸੇ ਕੋਵਿਡ-19 ਦੀ ਚੌਥੀ ਵੇਵ ਸ਼ੁਰੂ ਹੋਣ ਦੀਆਂ ਕਨਸੋਆਂ ਹਨ ਤੇ ਦੂਜੇ ਪਾਸੇ ਅਫਗਾਨਿਸਤਾਨ ਉੱਤੇ ਤਾਲਿਬਾਨ ਦੇ ਮੁੜ ਕਬਜਾ ਕਰ ਲਏ ਜਾਣ ਨਾਲ ਕੈਨੇਡਾ ਨੂੰ ਜਲਦ ਤੋਂ ਜਲਦ ਆਪਣੇ ਅਮਲੇ ਤੇ ਹੋਰਨਾਂ ਨਾਗਰਿਕਾਂ ਦੇ ਨਾਲ ਨਾਲ ਅਫਗਾਨੀਆਂ ਤੇ ਹੋਰਨਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਵੀ ਬਾਹਰ ਕੱਢਣਾ ਪਿਆ। ਵੀਰਵਾਰ ਸਵੇਰੇ ਕੈਨੇਡਾ ਦੇ ਆਖਰੀ ਜਹਾਜ਼ ਨੇ ਕਾਬੁਲ ਛੱਡਿਆ।
ਅਫਗਾਨਿਸਤਾਨ ਵਿਚਲੇ ਹਾਲਾਤ ਬਾਰੇ ਟਰੂਡੋ ਨੂੰ ਨਿੱਤ ਨਵੇਂ ਸਵਾਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਿਛਲੇ ਕੁੱਝ ਹਫਤਿਆਂ ਵਿੱਚ ਹੀ ਕੈਨੇਡਾ ਨੇ 3700 ਕੈਨੇਡੀਅਨ ਨਾਗਰਿਕਾਂ ਤੇ ਅਫਗਾਨ ਰਫਿਊਜੀਆਂ ਨੂੰ ਅਫਗਾਨਿਸਤਾਨ ਤੋਂ ਬਾਹਰ ਕੱਢਿਆ ਹੈ। ਵੀਰਵਾਰ ਸਵੇਰੇ ਹੀ ਕਾਬੁਲ ਏਅਰਪੋਰਟ ਦੇ ਬਾਹਰ ਧਮਾਕੇ ਦੀ ਪੈਂਟਾਗਨ ਵੱਲੋਂ ਪੁਸ਼ਟੀ ਕੀਤੀ ਗਈ। ਇਸ ਹਮਲੇ ਨਾਲ ਇੱਕ ਵਾਰੀ ਫਿਰ ਲਿਬਰਲ ਆਗੂ ਦੇ ਉਸ ਕੈਂਪੇਨ ਮੈਸੇਜ ਤੋਂ ਲੋਕਾਂ ਦਾ ਧਿਆਨ ਭਟਕ ਗਿਆ ਜਿਸ ਵਿੱਚ ਉਨ੍ਹਾਂ ਕਿਊੁਿਬਕ ਸਿਟੀ ਵਿੱਚ ਪੜਾਅ ਦੌਰਾਨ ਘੱਟ ਆਮਦਨ ਵਾਲੇ ਸੀਨੀਅਰਜ਼ ਦੀ ਮਦਦ ਦਾ ਐਲਾਨ ਕੀਤਾ ਸੀ।
ਟਰੂਡੋ ਨੇ ਇਸ ਨੂੰ ਬਹੁਤ ਹੀ ਮੁਸ਼ਕਲ ਦਿਨ ਦੱਸਿਆ ਪਰ ਉਨ੍ਹਾਂ ਆਖਿਆ ਕਿ ਓਟਵਾ ਵੱਲੋਂ 20,000 ਅਫਗਾਨੀਆਂ ਨੂੰ ਕੈਨੇਡਾ ਵਿੱਚ ਮੁੜ ਵਸਾਉਣ ਦਾ ਜਿਹੜਾ ਵਾਅਦਾ ਕੀਤਾ ਸੀ ਉਹ ਜਾਰੀ ਰਹੇਗਾ।ਉਨ੍ਹਾਂ ਆਖਿਆ ਕਿ ਇੱਕ ਵਾਰੀ ਅਫਗਾਨਿਸਤਾਨ ਤੋਂ ਸਾਨੂੰ ਸਾਰਾ ਕੁੱਝ ਸਮੇਟਨਾ ਪਿਆ ਹੈ ਪਰ ਅਜੇ ਬਹੁਤ ਕੁੱਝ ਕਰਨਾ ਬਾਕੀ ਹੈ।
ਇਸ ਦੌਰਾਨ ਐਨਡੀਪੀ ਆਗੂ ਜਗਮੀਤ ਸਿੰਘ ਨੇ ਆਖਿਆ ਕਿ ਕੈਨੇਡਾ ਵੱਲੋਂ ਅਫਗਾਨਿਸਤਾਨ ਤੋਂ ਇਸ ਤਰ੍ਹਾਂ ਬਾਹਰ ਆਉਣਾ ਅਸਫਲਤਾ ਨਹੀਂ ਤਾਂ ਹੋਰ ਕੀ ਹੈ? ਉਨ੍ਹਾਂ ਆਖਿਆ ਕਿ ਅਸੀਂ ਭਰੇ ਮਨ ਨਾਲ ਇਹ ਦੇਖ ਰਹੇ ਹਾਂ ਕਿ ਆਪਣੀਆਂ ਜਾਨਾਂ ਖਤਰੇ ਵਿੱਚ ਪਾ ਕੇ ਜਿਨ੍ਹਾਂ ਲੋਕਾਂ ਨੇ ਸਾਡੀਆਂ ਫੌਜੀ ਟੁਕੜੀਆਂ ਦੀ ਮਦਦ ਕੀਤੀ ਸੀ ਉਨ੍ਹਾਂ ਨੂੰ ਹੁਣ ਪਿੱਛੇ ਛੱਡ ਦਿੱਤਾ ਗਿਆ ਹੈ। ਵਿਨੀਪੈਗ ਵਿੱਚ ਆਪਣੀ ਚੋਣ ਮੁਹਿੰਮ ਦੌਰਾਨ ਜਗਮੀਤ ਸਿੰਘ ਨੇ ਹਾਊਸਿੰਗ ਦੀ ਆਪਣੀ ਵਚਨਬੱਧਤਾ ਦੁਹਰਾਈ।
ਕੰਜ਼ਰਵੇਟਿਵ ਆਗੂ ਐਰਿਨ ਓਟੂਲ ਨੇ ਬੁੱਧਵਾਰ ਨੂੰ ਆਖਿਆ ਸੀ ਕਿ ਟਰੂਡੋ ਨੇ ਉੱਧਰ ਲੋਕਾਂ ਨੂੰ ਇੱਕਲਿਆਂ ਛੱਡ ਦਿੱਤਾ ਤੇ ਕਾਰਵਾਈ ਕਰਨ ਵਿੱਚ ਵੀ ਦੇਰ ਕੀਤੀ।