ਪਟਿਆਲਾ, 3 ਅਗਸਤ

ਪੰਜਾਬ ਪੁਲੀਸ ਨੇ ‘ਆਜ਼ਾਦੀ ਦਿਹਾੜੇ’ ਦੇ ਮੱਦੇਨਜ਼ਰ ਜੇਲ੍ਹ ਵਿਭਾਗ ਨਾਲ ਮਿਲ ਕੇ ਅੱਜ ‘ਅਪਰੇਸ਼ਨ ਸਤਰਕ’ ਤਹਿਤ ਵਿਸ਼ੇਸ਼ ਤਲਾਸ਼ੀ ਮੁਹਿੰਮ ਚਲਾਈ। ਪੰਜਾਬ ਦੇ ਸਪੈਸ਼ਲ ਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਅਤੇ ਏਡੀਜੀਪੀ ਜੇਲ੍ਹਾਂ ਅਰੁਣਪਾਲ ਸਿੰਘ ਦੀ ਅਗਵਾਈ ਹੇਠ ਪਟਿਆਲਾ ਦੀ ਕੇਂਦਰੀ ਜੇਲ੍ਹ ਤੋਂ ਆਰੰਭੀ ਇਸ ਮੁਹਿੰਮ ਤਹਿਤ ਇੱਕੋ ਵੇਲੇ ਪੰਜਾਬ ਦੀਆਂ 26 ਜੇਲ੍ਹਾਂ ’ਚ ਅਚਨਚੇਤ ਚੈਕਿੰਗ ਕੀਤੀ ਗਈ।

ਪੜਤਾਲ ਮੁਕੰਮਲ ਹੋਣ ਮਗਰੋਂ ਡੀਜੀਪੀ ਨੇ ਦੱਸਿਆ ਕਿ ਢਾਈ ਹਜ਼ਾਰ ਤੋਂ ਵੱਧ ਪੁਲੀਸ ਮੁਲਾਜ਼ਮਾਂ ਨੇ ਜੇਲ੍ਹਾਂ ਦੀਆਂ ਬੈਰਕਾਂ, ਰਸੋਈਆਂ ਅਤੇ ਪਖਾਨਿਆਂ ਸਮੇਤ ਹਰ ਕੋਨੇ ਦੀ ਤਲਾਸ਼ੀ ਲਈ। ਇਸ ਦੌਰਾਨ ਸਿਮ ਕਾਰਡਾਂ ਸਮੇਤ 21 ਮੋਬਾਈਲ ਫ਼ੋਨ, ਚਾਰਜਰ, ਚਾਕੂ ਅਤੇ 8.7 ਗ੍ਰਾਮ ਅਫ਼ੀਮ ਬਰਾਮਦ ਹੋਈ ਹੈ। ਉਨ੍ਹਾਂ ਦੱਸਿਆ ਕਿ ਸੂਬੇ ਦੀਆਂ ਜੇਲ੍ਹਾਂ ਨੂੰ ਨਸ਼ੇ ਅਤੇ ਮੋਬਾਈਲ ਫੋਨਾਂ ਸਮੇਤ ਹੋਰ ਪਾਬੰਦੀਸ਼ੁਦਾ ਵਸਤੂਆਂ ਤੋਂ ਮੁਕਤ ਰੱਖਣ ਲਈ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਗੌਰਵ ਯਾਦਵ ਦੇ ਹੁਕਮਾਂ ਤਹਿਤ ਇਹ ਮੁਹਿੰਮ ਚਲਾਈ ਗਈ ਹੈ। ਪਟਿਆਲਾ ਜੇਲ੍ਹ ’ਚ ਲਈ ਗਈ ਤਲਾਸ਼ੀ ਦੌਰਾਨ ਪਟਿਆਲਾ ਦੇ ਆਈਜੀ ਮੁਖਵਿੰਦਰ ਸਿੰਘ ਛੀਨਾ, ਐੱਸਐੱਸਪੀ ਵਰੁਣ ਸ਼ਰਮਾ, ਡੀਐੱਸਪੀ ਜਸਵਿੰਦਰ ਟਵਿਾਣਾ ਅਤੇ ਜੇਲ੍ਹ ਸੁਪਰਡੈਂਟ ਮਨਜੀਤ ਸਿੰਘ ਸਿੱਧੂ ਵੀ ਮੌਜੂਦ ਸਨ। ਸਪੈਸ਼ਲ ਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਨੇ ਕਿਹਾ ਕਿ ਜੇ ਜੇਲ੍ਹਾਂ ਵਿੱਚ ਕੋਈ ਪਾਬੰਦੀਸ਼ੁਦਾ ਵਸਤੂ ਮਿਲਦੀ ਹੈ ਤਾਂ ਸਬੰਧਤ ਬੰਦੀ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ। ਏਡੀਜੀਪੀ ਜੇਲ੍ਹਾਂ ਅਰੁਣਪਾਲ ਸਿੰਘ ਨੇ ਦੱਸਿਆ ਕਿ ਉਂਝ ਜੇਲ੍ਹ ਵਿਭਾਗ ਵੱਲੋਂ ਜਾਂਚ ਹਮੇਸ਼ਾ ਜਾਰੀ ਰਹਿੰਦੀ ਹੈ ਪਰ ਅੱਜ ਦੀ ਜਾਂਚ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪਟਿਆਲਾ ਜੇਲ੍ਹ ਸਮੇਤ ਕਈ ਹੋਰ ਜੇਲ੍ਹਾਂ ਅੱਜ-ਕੱਲ੍ਹ ਰਿਹਾਇਸ਼ੀ ਇਲਾਕਿਆਂ ਨੇੜੇ ਆ ਗਈਆਂ ਹਨ। ਬਹੁਤੀਆਂ ਪਾਬੰਦੀਸ਼ੁਦਾ ਵਸਤਾਂ ਬਾਹਰੋਂ ਜੇਲ੍ਹਾਂ ਵਿੱਚ ਸੁੱਟੀਆਂ ਜਾਂਦੀਆਂ ਹਨ। ਇਸ ਸਬੰਧੀ ਵਿਭਾਗ ਵੱਲੋਂ ਸਖ਼ਤ ਚੌਕਸੀ ਰੱਖੀ ਜਾ ਰਹੀ। ਉਨ੍ਹਾਂ ਦੱਸਿਆ ਕਿ ਉੱਚ ਸੁਰੱਖਿਆ ਵਾਲੀ ਜੇਲ੍ਹ ਬਠਿੰਡਾ ਵਿੱਚ ਜੈਮਰ ਲਗਾ ਕੇ ਕਮਿਊਨੀਕੇਸ਼ਨ ਡੈੱਡ ਜ਼ੋਨ ਬਣਾਏ ਗਏ ਹਨ। ਬਾਕੀ ਜੇਲ੍ਹਾਂ ਵਿੱਚ ਵੀ ਅਜਿਹੇ ਕੀਤੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਪਟਿਆਲਾ ਜੇਲ੍ਹ ’ਚ ਕਈ ਖਤਰਨਾਕ ਗੈਂਗਸਟਰ ਅਤੇ ਕੁਝ ਹੋਰ ਕੈਦੀ ਬੰਦ ਹੋਣ ਕਾਰਨ ਇਹ ਜੇਲ੍ਹ ਹਾਈ ਅਲਰਟ ’ਤੇ ਰਹਿੰਦੀ ਹੈ। ਇਸ ਤਹਿਤ ਹੀ ਕੁਝ ਮਹੀਨੇ ਪਹਿਲਾਂ ਪਟਿਆਲਾ ਜੇਲ੍ਹ ਦੇ ਸੁਪਰਡੈਂਟ ਮਨਜੀਤ ਸਿੰਘ ਟਵਿਾਣਾ ਨੇ ਵਸੋਂ ਵਾਲੇ ਖੇਤਰ ’ਚੋਂ ਜੇਲ੍ਹ ਅੰਦਰ ਇਤਰਾਜ਼ਯੋਗ ਵਸਤੂਆਂ ਸੁੱਟਦੇ ਕੁਝ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ।