ਪਟਿਆਲਾ, 9 ਸਤੰਬਰ
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਇੰਡੀਆ ਗੱਠਜੋੜ ਦੀ ਆਲੋਚਨਾ ਕਰ ਰਹੇ ਕਾਂਗਰਸੀਆਂ ਨੂੰ ਕਿਹਾ ਕਿ ਜੋ ਅਨੁਸ਼ਾਸਨ ਵਿਚ ਰਹੇਗਾ ਉਹ ਹੀ ਕਾਂਗਰਸ ਵਿਚ ਟਿਕ ਸਕੇਗਾ। ਹਾਲਾਂ ਕਿ ਉਨ੍ਹਾਂ ਨਾਮ ਲਏ ਬਗੈਰ ਅੱਜ ਮੁੜ ਕਿਹਾ ਕਿ ਕਾਂਗਰਸੀ ਹਮੇਸ਼ਾ ਅਨੁਸ਼ਾਸਨ ਵਿਚ ਰਹਿ ਕੇ ਆਪਣੀ ਹਾਈਕਮਾਂਡ ਦੇ ਕਹਿਣ ’ਤੇ ਚੱਲਦੇ ਹਨ ਪਰ ਜੋ ਵੀ ਪੰਜਾਬ ਵਿਚ ਇੰਡੀਆ ਗੱਠਜੋੜ ਦੀ ਨੁਕਤਾਚੀਨੀ ਕਰ ਰਹੇ ਹਨ ਉਹ ਆਪਣੇ ਆਪ ਹੀ ਸਿੱਧੇ ਰਾਹ ਪੈ ਜਾਣਗੇ। ਨਵਜੋਤ ਸਿੱਧੂ ਇੱਥੇ ਮਾਤਾ ਦੇ ਮੰਦਰ ਵਿਚ ਮੱਥਾ ਟੇਕਣ ਆਏ ਸਨ, ਉਨ੍ਹਾਂ ਨਾਲ ਸਾਬਕਾ ਵਿਧਾਇਕ ਕਾਕਾ ਰਾਜਿੰਦਰ ਸਿੰਘ ਤੇ ਨਰਿੰਦਰ ਲਾਲੀ ਵੀ ਸਨ। ਉਨ੍ਹਾਂ ਕਿਹਾ ਕਿ ਤਿੰਨ ਕਰੋੜ ਪੰਜਾਬੀਆਂ ਨੂੰ ਸੱਚ ਦੇ ਮਾਰਗ ’ਤੇ ਚੱਲ ਕੇ ਸੱਚ ਦਾ ਸਾਥ ਦੇਣਾ ਚਾਹੀਦਾ ਹੈ ਤਾਂ ਹੀ ਪੰਜਾਬ ਦਾ ਭਲਾ ਹੋ ਸਕੇਗਾ। ਉਨ੍ਹਾਂ ਪਟਿਆਲਾ ਦੀ ਕਾਂਗਰਸੀ ਸਿਆਸਤ ਬਾਰੇ ਪੁੱਛੇ ਸਵਾਲ ਬਾਰੇ ਕਿਹਾ ਕਿ ਇੱਥੇ ਛੋਟੇ-ਛੋਟੇ ਲਾਲਚਾਂ ਪਿੱਛੇ ਲੱਗ ਕੇ ਲੋਕ ਵੱਡੇ ਮੁੱਦਿਆਂ ਨੂੰ ਛੱਡ ਜਾਂਦੇ ਹਨ, ਉਨ੍ਹਾਂ ਕਿਹਾ ਕਿ ਇੰਡੀਆ ਗੱਠਜੋੜ ਵਿਚ ਹਾਈਕਮਾਂਡ ਵੱਲੋਂ ਦਿੱਤੇ ਹੁਕਮ ਹੀ ਸਭ ਵੱਲੋਂ ਮੰਨੇ ਜਾਣਗੇ। ਉਨ੍ਹਾਂ ਪਾਰਟੀ ਵਰਕਰਾਂ ਨੂੰ ਅਨੁਸ਼ਾਸਨ ਵਿਚ ਰਹਿ ਕੇ ਗੱਲਬਾਤ ਕਰਨ ਲਈ ਕਿਹਾ।