ਨਵੀਂ ਦਿੱਲੀ, 5 ਜਨਵਰੀ
ਭਾਰਤ ਦੇ ਸਟਾਰ ਗੋਲਕੀਪਰ ਪੀਆਰ ਸ੍ਰੀਜੇਸ਼ ਵੱਲੋਂ ਮੁੰਬਈ ਵਿੱਚ ਬਿਨਾਂ ਆਗਿਆ ‘ ਸੈਲੇਬਰਿਟੀ ਚੈਰਿਟੀ ਫੁਟਬਾਲ ਮੈਚ’ ਖੇਡਣ ਨੂੰ ਲੈ ਕੇ ਹਾਕੀ ਇੰਡੀਆ ਦੀ ਅਨੁਸ਼ਾਸਨੀ ਕਮੇਟੀ ਨੇ ਉਸ ਦੇ ਉੱਤੇ ਅਗਲੇ 12 ਮਹੀਨੇ ਲਈ ਅਨੁਸ਼ਾਸਨ ਵਿੱਚ ਰਹਿਣ ਦੀ ਸ਼ਰਤ ਲਾ ਦਿੱਤੀ ਹੈ। ਅਨੁਸ਼ਾਸਨੀ ਕਮੇਟੀ ਨੇ ਉਸਨੂੰ ਹਾਕੀ ਇੰਡੀਆ ਦੇ ਖਿਡਾਰੀਆਂ ਸਬੰਧੀ ਜ਼ਾਬਤਾ ਪ੍ਰਣਾਲੀ ਦਾ ਦੋਸ਼ੀ ਠਹਿਰਾਇਆ ਹੈ।
ਸ੍ਰੀਜੇਸ਼ ਜੋ ਗੋਡੇ ਦੀ ਸੱਟ ਕਾਰਨ ਪਿਛਲੇ ਅੱਠ ਮਹੀਨੇ ਤੋਂ ਕੌਮੀ ਟੀਮ ਵਿੱਚੋਂ ਬਾਹਰ ਹੈ, ਉਸ ਉੱਤੇ ਪੰਦਰਾਂ ਦਿਨ ਦੀ ਪਾਬੰਦੀ ਵੀ ਲਾਈ ਸੀ ਜਿਸ ਦੀ ਸਮਾਂ ਸੀਮਾ ਅੱਜ ਪੂਰੀ ਹੋ ਗਈ ਹੈ। ਕਮਾਲ ਦੀ ਗੱਲ ਇਹ ਹੈ ਕਿ ਹਾਕੀ ਇੰਡੀਆ ਨੇ ਸ੍ਰੀਜੇਸ਼ ਵਿਰੁੱਧ ਕਾਰਵਾਈ ਬਾਰੇ ਵੇਰਵੇ ਉਦੋਂ ਦੇਣ ਦੀ ਲੋੜ ਸਮਝੀ ਹੈ ਜਦੋਂ ਪਾਬੰਦੀ ਵਾਲੇ 14 ਦਿਨ ਲੰਘ ਗਏ ਹਨ ਤੇ ਸਿਰਫ ਇੱਕ ਦਿਨ ਰਹਿਦਾ ਸੀ। ਅਨੁਸ਼ਾਸਨੀ ਕਮੇਟੀ ਅਨੁਸਾਰ ਸ੍ਰੀਜੇਸ਼ ਨੂੰ 12 ਮਹੀਨੇ ਦੇ ਸਮੇਂ ਦੌਰਾਨ ਹਾਕੀ ਇੰਡੀਆ ਦੀ ਜ਼ਾਬਤਾ ਪ੍ਰਣਾਲੀ ਦਾ ਪਾਲਣ ਕਰਨਾ ਪਵੇਗਾ।
ਪਿਛਲੇ ਸਾਲ ਸ੍ਰੀਜੇਸ਼ ਅਕਤਬੂਰ ਵਿੱਚ ‘ਸੈਲੇਬ੍ਰਿਟੀ ਕਲਾਸਕੋ’ ਨਾਂ ਦੇ ਫੁਟਬਾਲ ਦੇ ਪ੍ਰਦਰਸ਼ਨੀ ਮੈਚ ਵਿੱਚ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੇ ਨਾਲ ਖੇਡਿਆ ਸੀ। ਉਸਨੇ ਹਾਕੀ ਇੰਡੀਆ ਤੋਂ ਮਾਨਤਾ ਨਹੀ ਲਈ ਸੀ।
ਹਾਕੀ ਇੰਡੀਆ ਦੇ ਬੁਲਾਰੇ ਨੇ ਦੱਸਿਆ ਕਿ ਉਸਨੂੰ 22 ਦਸੰਬਰ ਨੂੰ ਅਨੁਸ਼ਾਸਨੀ ਕਮੇਟੀ ਨੇ ਬੁਲਾਇਆ ਸੀ ਤੇ ਉਸਨੂੰ 15 ਦਿਨ ਦੇ ਲਈ ਤੁਰੰਤ ਮੁਅੱਤਲ ਕਰ ਦਿੱਤਾ ਸੀ। ਇਹ ਮੈਚ ਸ੍ਰੀਜੇਸ਼ ਉਦੋਂ ਖੇਡਿਆ ਜਦੋਂ ਉਹ ਜ਼ਖਮੀ ਹੋਣ ਕਾਰਨ ਟੀਮ ਵਿੱਚੋਂ ਬਾਹਰ ਸੀ। ਉਸਨੇ ਹੁਣ ਕੈਂਪ ਵਿੱਚ ਵਾਪਸੀ ਕੀਤੀ ਹੈ।