ਮੁੰਬਈ:ਫ਼ਿਲਮਸਾਜ਼ ਅਨੁਭਵ ਸਿਨਹਾ ਨੇ ਅੱਜ ਦੱਸਿਆ ਕਿ ਉਸ ਦੀ ਫ਼ਿਲਮ ‘ਅਨੇਕ’ 13 ਮਈ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਲਈ ਤਿਆਰ ਹੈ। ਫ਼ਿਲਮ ਵਿੱਚ ਮੁੱਖ ਕਲਾਕਾਰ ਆਯੂੁਸ਼ਮਾਨ ਖੁਰਾਣਾ ਹੈ। ਭੂਸ਼ਣ ਕੁਮਾਰ ਦੀ ਟੀ-ਸੀਰੀਜ਼ ਅਤੇ ਸਿਨਹਾ ਦੇ ਬੈਨਰ ‘ਮੀਡੀਆਵਰਕਸ’ ਵੱਲੋਂ ਤਿਆਰ ਕੀਤੀ ਗਈ ਇਹ ਫ਼ਿਲਮ ਉੱਤਰ-ਪੂਰਬੀ ਭਾਰਤ ਦੀ ਪਿੱਠਭੂਮੀ ’ਤੇ ਆਧਾਰਿਤ ਹੈ।

ਫਿਲਮ ਨਿਰਮਾਤਾਵਾਂ ਨੇ ਇੱਕ ਬਿਆਨ ਰਾਹੀਂ ਫ਼ਿਲਮ ਰਿਲੀਜ਼ ਦੀ ਨਵੀਂ ਤਾਰੀਕ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ‘ਅਨੇਕ’ ਇਸ ਸਾਲ ਮਾਰਚ ਮਹੀਨੇ ਦੇ ਅੰਤ ਵਿੱਚ ਰਿਲੀਜ਼ ਹੋਣੀ ਸੀ ਪਰ ਦੇਸ਼ ਵਿੱਚ ਕਰੋਨਾ ਲਾਗ ਦੀ ਤੀਜੀ ਲਹਿਰ ਕਾਰਨ ਫ਼ਿਲਮਸਾਜ਼ਾਂ ਨੇ ਤਾਰੀਕ ਬਦਲ ਕੇ ਇਸ ਨੂੰ ਮਈ ਮਹੀਨੇ ਰਿਲੀਜ਼ ਕਰਨ ਦਾ ਫ਼ੈਸਲਾ ਕੀਤਾ ਹੈ।

ਫ਼ਿਲਮ ‘ਅਨੇਕ’ ਇੱਕ ਅਜਿਹੇ ਵਿਸ਼ੇ ’ਤੇ ਆਧਾਰਿਤ, ਜਿਹੜਾ ਸਾਡੇ ਦੇਸ਼ ਦੀਆਂ ਬਹੁਤ ਜ਼ਿਆਦਾ ਗੰਭੀਰ ਚਿੰਤਾਵਾਂ ਨਾਲ ਜੁੜਿਆ ਹੋਇਆ ਹੈ। ਇਹ ਫ਼ਿਲਮ ਇੱਕ ਵਿਸ਼ੇਸ਼ ਸਮਾਜਿਕ ਸੰਦਰਭ ਵਿੱਚ ਤਿਆਰ ਕੀਤੀ ਗਈ ਹੈ ਅਤੇ ਇਸ ਦਾ ਮਕਸਦ ਸਾਡੇ ਦੇਸ਼ ਦੀ ‘ਅਨੇਕਤਾ’ ਨੂੰ ਦਰਸਾਉਣਾ ਹੈ। ਨਿਰਮਾਤਾ ਭੂਸ਼ਣ ਕੁਮਾਰ ਨੇ ਕਿਹਾ ਕਿ ‘ਅਨੇਕ’ ਇੱਕ ਅਹਿਮ ਵਿਸ਼ੇ ਨੂੰ ਉਭਾਰਦੀ ਹੈ, ਜਿਸ ਨੂੰ ਸਾਹਮਣੇ ਲਿਆਉਣ ਦੀ ਬਹੁਤ ਲੋੜ ਹੈ। ਜ਼ਿਕਰਯੋਗ ਹੈ ਕਿ ਆਉਣ ਵਾਲੀ ਫ਼ਿਲਮ ‘ਅਨੇਕ’ ਅਨੁਰਾਗ ਸਿਨਹਾ ਅਤੇ ਆਯੂਸ਼ਮਾਨ ਖੁਰਾਣਾ ਦੀ ਇਕੱਠਿਆਂ ਦੂਜੀ ਫ਼ਿਲਮ ਹੈ। ਇਸ ਤੋਂ ਪਹਿਲਾਂ ਦੋਵਾਂ ਨੇ 2019 ਵਿੱਚ ਫ਼ਿਲਮ ‘ਆਰਟੀਕਲ 15’ ਲਈ ਇਕੱਠਿਆਂ ਕੰਮ ਕੀਤਾ ਸੀ।