ਮੁੰਬਈ:ਬੌਲੀਵੁੱਡ ਅਦਾਕਾਰ ਅਨਿਲ ਕਪੂਰ ਨੇ ਆਪਣੇ ਭਤੀਜੇ ਅਰਜੁਨ ਕਪੂਰ ਨਾਲ ਅਨੀਸ ਬਜ਼ਮੀ ਦੀ 2017 ਵਿੱਚ ਆਈ ਕਾਮੇਡੀ ਫਿਲਮ ‘ਮੁਬਾਰਕਾਂ’ ਵਿੱਚ ਇਕੱਠਿਆਂ ਕੰਮ ਕੀਤਾ ਸੀ। ਫਿਲਮ ਬਾਕਸ ਆਫਿਸ ’ਤੇ ਭਾਵੇਂ ਕੋਈ ਖਾਸ ਕਮਾਲ ਨਹੀਂ ਦਿਖਾ ਸਕੀ ਸੀ ਪਰ ਅਰਜੁਨ ਕਪੂਰ ਆਪਣੇ ਚਾਚੇ ਨਾਲ ਮੁੜ ਤੋਂ ਕੰਮ ਕਰਨਾ ਚਾਹੁੰਦਾ ਹੈ। ਉਸ ਨੂੰ ਲੱਗਦਾ ਹੈ ਕਿ ਫਿਲਮ ਨਿਰਮਾਤਾ ਉਨ੍ਹਾਂ ਨੂੰ ਇੱਕ ਵਾਰ ਫਿਰ ਇਕੱਠਿਆਂ ਸਕਰੀਨ ’ਤੇ ਦਿਖਾਉਣ। ਅਰਜੁਨ ਨੇ ਅਨਿਲ ਨਾਲ ਆਪਣੇ ਰਿਸ਼ਤੇ ਬਾਰੇ ਗੱਲ ਕਰਦਿਆਂ ਕਿਹਾ, ‘‘ਅਸਲ ਜ਼ਿੰਦਗੀ ਵਿੱਚ ਅਸੀਂ ਦੋਸਤਾਂ ਵਾਂਗ ਹਾਂ ਅਤੇ ਅਕਸਰ ਇੱਕ-ਦੂਜੇ ਦੀਆਂ ਲੱਤਾਂ ਖਿੱਚਦੇ ਰਹਿੰਦੇ ਹਾਂ।’’ ਉਸ ਨੇ ਕਿਹਾ, ‘‘ਅਸੀਂ ਮਨੋਰੰਜਨ ਦੀ ਇੱਕ ਟੈਗ ਟੀਮ ਹਾਂ। ਫਿਲਮ ਨਿਰਮਾਤਾਵਾਂ ਨੂੰ ਸ਼ਾਇਦ ਸਾਡੀ ਜੋੜੀ ਅਤੇ ਦੋਸਤੀ ਨੂੰ ਫਿਰ ਤੋਂ ਸਕਰੀਨ ’ਤੇ ਦਿਖਾਉਣਾ ਚਾਹੀਦਾ ਹੈ ਕਿਉਂਕਿ ਅਸੀਂ ਅਸਲ ਵਿੱਚ ਲੋਕਾਂ ਨੂੰ ਹਸਾ ਸਕਦੇ ਹਾਂ। ਤੁਹਾਨੂੰ ਬੱਸ ਸਾਨੂੰ ਇੱਕ ਕਮਰੇ ਵਿੱਚ ਬੰਦ ਕਰਨਾ ਹੋਵੇਗਾ ਅਤੇ ਐਕਸ਼ਨ ਕਹਿਣਾ ਹੋਵੇਗਾ ਅਤੇ ਫਿਰ ਦੇਖਣਾ ਪਾਗਲਪਨ।’’ ਭਾਵੇਂ ਕਿ ਦੋਵਾਂ ਦੀ 2017 ਤੋਂ ਬਾਅਦ ਇਕੱਠਿਆਂ ਕੋਈ ਫਿਲਮ ਨਹੀਂ ਆਈ ਹੈ ਪਰ ਦੋਵੇਂ ਇੱਕ ਇਸ਼ਤਿਹਾਰ ਵਿੱਚ ਇਕੱਠਿਆਂ ਦਿਖਾਈ ਦੇਣਗੇ। ਅਰਜੁਨ ਨੇ ਦਾਅਵਾ ਕੀਤਾ ਕਿ ਉਹ ਦੂਜੀ ਵਾਰ ਸਕਰੀਨ ’ਤੇ ਇਕੱਠਿਆਂ ਕੰਮ ਕਰ ਰਹੇ ਹਨ ਅਤੇ ਇਸ ਵਾਰ ਉਨ੍ਹਾਂ ਦੀ ਜੋੜੀ ਚਰਚਾ ਦਾ ਵਿਸ਼ਾ ਬਣੇਗੀ।