ਯਰੂਸ਼ਲਮ, 11 ਨਵੰਬਰ

ਫਲਸਤੀਨ ਦੇ ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਕਿਹਾ ਕਿ ਉਸ ਨੇ ਤਿੰਨ ਸੀਨੀਅਰ ਅਧਿਕਾਰੀਆਂ ਦੇ ਫੋਨ ਵਿੱਚ ਇਜ਼ਰਾਈਲੀ ਕੰਪਨੀ ਐਨਐਸਓ ਸਮੂਹ ਵੱਲੋਂ ਬਣਾਏ ਸਪਾਈਵੇਅਰ ਦਾ ਪਤਾ ਲਗਾਇਆ ਹੈ ਅਤੇ ਇਜ਼ਰਾਈਲ ’ਤੇ ਫੌਜ ਵੱਲੋਂ ਵਰਤੇ ਜਾਣ ਵਾਲੇ ‘ਪੇਗਾਸਸ ਸਾਫਟਵੇਅਰ’ ਦੀ ਵਰਤੋਂ ਦਾ ਦੋਸ਼ ਲਗਾਇਆ ਹੈ। ਐਨਐਸਓ ਖ਼ਿਲਾਫ਼ ਫਸਲਤੀਨ ਦੇ ਇਹ ਦੋਸ਼ ਅਜਿਹੇ ਸਮੇਂ ਵਿੱਚ ਸਾਹਮਣੇ ਆਏ ਹਨ ਜਦੋਂ ਇਜ਼ਰਾਈਲੀ ਕੰਪਨੀ ਨੇ ਮੰਨਿਆ ਹੈ ਕਿ ਉਸ ਨੇ ਅਮਰੀਕਾ ਦੇ ਦੋਸ਼ਾਂ ਦੇ ਮੱਦੇਨਜ਼ਰ ਆਪਣੇ ਮੁੱਖ ਕਾਰਜਕਾਰੀ ਅਧਿਕਾਰੀ ਦੀ ਨਿਯੁਕਤੀ ਨੂੰ ਰੱਦ ਕਰ ਦਿੱਤਾ ਸੀ। ਅਮਰੀਕਾ ਨੇ ਦੋਸ਼ ਲਗਾਏ ਸਨ ਕਿ ਉਸ ਦੇ ਸਪਾਈਵੇਅਰ ਦੀ ਵਰਤੋਂ ਵਿਸ਼ਵ ਦੀਆਂ ਦਮਨਕਾਰੀ ਸਰਕਾਰਾਂ ਵੱਲੋਂ ਕੀਤੀ ਗਈ ਹੈ। ਇਸ ਹਫ਼ਤੇ ਦੇ ਸ਼ੁਰੂ ਵਿੱਚ ਫਲਸਤੀਨ ਦੇ ਛੇ ਮਨੁੱਖੀ ਅਧਿਕਾਰ ਕਾਕਰੁਨਾਂ ਦੇ ਫੋਨ ’ਤੇ ਸਾਫਟਵੇਅਰ ਦਾ ਪਤਾ ਲੱਗਿਆ ਸੀ, ਜਿਸ ਵਿਚੋਂ ਤਿੰਨ ਨਾਗਰਿਕ ਸਮਾਜਿਕ ਸੰਗਠਨ ਲਈ ਕੰਮ ਕਰਦੇ ਸਨ ਜਿਨ੍ਹਾਂ ਨੂੰ ਇਜ਼ਰਾਈਲ ਨੇ ਵਿਵਾਦਤ ਤਰੀਕੇ ਨਾਲ ਅਤਿਵਾਦੀ ਸਮੂਹ ਦੱਸਿਆ ਸੀ। ਇਜ਼ਰਾਈਲ ਨੇ ਫਲਸਤੀਨ ਦੇ ਦੋਸ਼ਾਂ ’ਤੇ ਹਾਲੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਉਧਰ ਐਨਐਸਓ ਨੇ ਇਨ੍ਹਾਂ ਦੋਸ਼ਾਂ ’ਤੇ ਟਿੱਪਣੀ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਆਪਣੇ ਗਾਹਕਾਂ ਦੀ ਜਾਣਕਾਰੀ ਜਨਤਕ ਨਹੀਂ ਕਰਦਾ।