ਵਿਜੀਲੈਂਸ ਕਮੇਟੀ ਦੀ ਮੀਟਿੰਗ ਕੀਤੀ ਰੱਦ, ਗ਼ਲਤੀ ਦੁਹਰਾਉਣ ’ਤੇ ਅਨੁਸ਼ਾਸਨੀ ਕਾਰਵਾਈ ਦੀ ਚਿਤਾਵਨੀ

ਚੰਡੀਗੜ੍ਹ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੀ ਪੰਜਾਬ ਪੱਧਰੀ ਵਿਜੀਲੈਂਸ ਅਤੇ ਨਿਗਰਾਨ ਕਮੇਟੀ ਦੀ ਅਹਿਮ ਮੀਟਿੰਗ ਵਿੱਚ ਅਧਿਕਾਰੀਆਂ ਦੀ ਗੈਰਹਾਜ਼ਰੀ ਤੋਂ ਖਫ਼ਾ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਅੱਜ ਮੀਟਿੰਗ ਰੱਦ ਕਰ ਦਿੱਤੀ। ਉਨ੍ਹਾਂ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਹ ਅਗਲੀ ਮੀਟਿੰਗ ਵਿੱਚ ਵੀ ਗੈਰਹਾਜ਼ਰ ਰਹੇ ਤਾਂ ਉਹ ਇਸ ਮੁੱਦੇ ਨੂੰ ਸੂਬੇ ਦੇ ਮੁੱਖ ਸਕੱਤਰ ਕੋਲ ਉਠਾਉਂਦਿਆਂ ਉਨ੍ਹਾਂ ਖ਼ਿਲਾਫ਼ ਕਾਰਵਾਈ ਦੀ ਸਿਫਾਰਸ਼ ਕਰਨਗੇ।
ਅੱਜ ਦੀ ਮੀਟਿੰਗ ਵਿੱਚੋਂ ਹਾਕਮ ਧਿਰ ਦੇ ਤਿੰਨ ਵਿਧਾਇਕ ਹਰ ਪ੍ਰਤਾਪ ਸਿੰਘ ਅਜਨਾਲਾ, ਸੁਖਪਾਲ ਸਿੰਘ ਭੁੱਲਰ ਅਤੇ ਗੁਰਕੀਰਤ ਸਿੰਘ ਕੋਟਲੀ ਵੀ ਗ਼ੈਰਹਾਜ਼ਰ ਰਹੇ। ਇਹ ਤਿੰਨੇ ਕਮੇਟੀ ਦੇ ਮੈਂਬਰ ਹਨ। ਵਿਰੋਧੀ ਧਿਰ ਦੇ ਦੋ ਵਿਧਾਇਕ ਤੇ ਕਮੇਟੀ ਮੈਂਬਰ ਆਮ ਆਦਮੀ ਪਾਰਟੀ ਦੇ ਨਾਜ਼ਰ ਸਿੰਘ ਮਾਨਸ਼ਾਹੀਆ ਤੇ ਸ਼੍ਰੋਮਣੀ ਅਕਾਲੀ ਦਲ ਦੇ ਹਰਿੰਦਰ ਸਿੰਘ ਚੰਦੂਮਾਜਰਾ ਹੀ ਮੀਟਿੰਗ ਵਿਚ ਹਾਜ਼ਰ ਸਨ। ਇਸ ਕਮੇਟੀ ਦੇ ਲਗਪਗ ਦੋ ਦਰਜਨ ਵਿਭਾਗਾਂ ਦੇ ਅਧਿਕਾਰੀ ਮੈਂਬਰ ਹਨ ਤੇ ਕੇਵਲ ਦੋ ਸੀਨੀਅਰ ਅਧਿਕਾਰੀ ਪੇਂਡੂ ਵਿਕਾਸ ਵਿਭਾਗ ਦੇ ਪ੍ਰਮੁੱਖ ਸਕੱਤਰ ਅਨੁਰਾਗ ਵਰਮਾ, ਸਹਿਕਾਰਤਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਡੀ.ਪੀ.ਰੈੱਡੀ ਹੀ ਮੀਟਿੰਗ ਵਿਚ ਹਾਜ਼ਰ ਸਨ ਤੇ ਮੀਟਿੰਗ ਸ਼ੁਰੂ ਹੋਣ ਵੇਲੇ ਬਾਕੀ ਅਧਿਕਾਰੀਆਂ ਦੀਆਂ ਕੁਰਸੀਆਂ ਜਾਂ ਤਾਂ ਖਾਲੀ ਸਨ ਜਾਂ ਵਿਭਾਗਾਂ ਨੇ ਬਹੁਤ ਹੀ ਜੂਨੀਅਰ ਅਧਿਕਾਰੀ ਭੇਜੇ ਸਨ।
ਜਾਣਕਾਰੀ ਅਨੁਸਾਰ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਬਾਜਵਾ ਦਾ ਕਹਿਣਾ ਸੀ ਕਿ ਜੇਕਰ ਗੰਭੀਰ ਮਸਲੇ ’ਤੇ ਹੋਣ ਵਾਲੀ ਮੀਟਿੰਗ ਵਿਚ ਅਧਿਕਾਰੀ ਆਉਣ ਨੂੰ ਤਿਆਰ ਨਹੀਂ ਤਾਂ ਇਸ ਨਾਲੋਂ ਹੋਰ ਮਾੜੀ ਗੱਲ ਨਹੀਂ ਹੋ ਸਕਦੀ। ਉਨ੍ਹਾਂ ਅਧਿਕਾਰੀਆਂ ਨੂੰ ਸਾਫ਼ ਕਰ ਦਿੱਤਾ ਕਿ ਜੇਕਰ ਅਗਲੀ ਮੀਟਿੰਗ ਵਿਚ ਉਹ ਗੈਰਹਾਜ਼ਰ ਰਹੇ ਤਾਂ ਉਹ ਇਹ ਮਾਮਲਾ ਮੁੱਖ ਸਕੱਤਰ ਕੋਲ ਉਠਾਉਣਗੇ ਤੇ ਅਨੁਸ਼ਾਸਨੀ ਕਾਰਵਾਈ ਦੀ ਸਿਫਾਰਸ਼ ਕਰਨਗੇ। ਉਂਜ ਅਜੇ ਅਗਲੀ ਮੀਟਿੰਗ ਦੀ ਤਰੀਕ ਨਿਸ਼ਚਤ ਨਹੀਂ ਕੀਤੀ ਗਈ। ਅੱਜ ਦੀ ਮੀਟਿੰਗ ਵਿੱਚ ਪਸ਼ੂ ਪਾਲਣ, ਮੱਛੀ ਪਾਲਣ ਖੇਤੀਬਾੜੀ ਵਿਭਾਗ ਦੇ ਡਾਇਰੈਕਟਰਾਂ, ਯੋਜਨਾ ਵਿਭਾਗ ਦੇ ਪ੍ਰਮੁੱਖ ਸਕੱਤਰ, ਲੋਕ ਨਿਰਮਾਣ ਵਿਭਾਗ ਦੇ ਚੀਫ ਇੰਜਨੀਅਰ, ਜੰਗਲਾਤ ਵਿਭਾਗ ਦੇ ਮੁੱਖ ਵਣਪਾਲ ਸਮੇਤ ਕੁਝ ਹੋਰ ਵਿਭਾਗਾਂ  ਦੇ ਅਧਿਕਾਰੀਆਂ ਨੇ ਵੀ ਸ਼ਾਮਲ ਹੋਣਾ ਸੀ, ਪਰ ਉਹ ਹਾਜ਼ਰ ਨਹੀਂ ਹੋਏ। ਮੀਟਿੰਗ ਰੱਦ ਕੀਤੇ ਜਾਣ ਮਗਰੋਂ ਕਾਂਗਰਸ ਵਿਧਾਇਕ ਸੁਖਪਾਲ ਸਿੰਘ ਭੁੱਲਰ ਆਏ ਸਨ, ਪਰ ਉਨ੍ਹਾਂ ਦੇ ਆਉਣ ਦਾ ਵੀ ਕੋਈ ਫਾਇਦਾ ਨਹੀਂ ਹੋਇਆ ਕਿਉਂਕਿ ਮੀਟਿੰਗ ਰੱਦ ਹੋ ਚੁੱਕੀ ਸੀ।