ਫਾਜ਼ਿਲਕਾ — ਆਮ ਆਦਮੀ ਪਾਰਟੀ ਦੇ ਨੇਤਾ ਸੁਖਪਾਲ ਖਹਿਰਾ ਵਿਰੁੱਧ ਨਸ਼ਾ ਤਸਕਰੀ ਦੇ ਮਾਮਲੇ ‘ਚ ਫਾਜ਼ਿਲਕਾ ਦੀ ਜ਼ਿਲਾ ਅਦਾਲਤ ‘ਚ ਵੀਰਵਾਰ ਨੂੰ ਸੁਣਵਾਈ ਕੀਤੀ ਗਈ। ਇਸ ਦੌਰਾਨ ਸੁਖਪਾਲ ਖਹਿਰਾ ਅਦਾਲਤ ‘ਚ ਪੇਸ਼ ਨਹੀਂ ਹੋਏ, ਜਿਸ ਕਾਰਨ ਅਦਾਲਤ ਵੱਲੋਂ ਇਸ ਮਾਮਲੇ ਦੀ ਅਗਲੀ ਸੁਣਵਾਈ 21 ਦਸੰਬਰ ਤੱਕ ਟਾਲੀ ਗਈ ਹੈ। ਹੁਣ ਇਸ ਮਾਮਲੇ ‘ਚ ਅਗਲੀ ਸੁਣਵਾਈ 21 ਦਸੰਬਰ ਨੂੰ ਹੋਵੇਗੀ। ਅਦਾਲਤ ਵੱਲੋਂ ਸੁਖਪਾਲ ਖਹਿਰਾ ਨੂੰ ਅਦਾਲਤ ‘ਚ ਪੇਸ਼ ਹੋਣ ਲਈ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਸਨ।
ਜ਼ਿਕਰਯੋਗ ਹੈ ਕਿ ਸੁਖਪਾਲ ਖਹਿਰਾ ਡਰੱਗ ਮਾਮਲੇ ਨੂੰ ਲੈ ਕੇ ਅੱਜਕਲ ਪੰਜਾਬ ਦੀ ਰਾਜਨੀਤੀ ਕਾਫੀ ਸਰਗਰਮ ਹੈ ਅਤੇ ਕਾਂਗਰਸ, ਅਕਾਲੀ-ਭਾਜਪਾ ਵੱਲੋਂ ਸੁਖਪਾਲ ਖਹਿਰਾ ਤੋਂ ਵਿਰੋਧੀ ਧਿਰ ਦੇ ਨੇਤਾ ਅਸਤੀਫੇ ਦੀ ਮੰਗ ਵੀ ਜ਼ੋਰਾਂ ‘ਤੇ ਚੱਲ ਰਹੀ ਹੈ। ਇਸ ਮਾਮਲੇ ਨੂੰ ਲੈ ਕੇ ਮਾਣਯੋਗ ਫਾਜ਼ਿਲਕਾ ਦੀ ਅਦਾਲਤ ਨੇ ਖਹਿਰਾ ਵਿਰੁੱਧ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਸਨ, ਜਿਸ ਨੂੰ ਖਹਿਰਾ ਨੇ ਹਾਈਕੋਰਟ ‘ਚ ਆਪਣੇ ਗ੍ਰਿਫਤਾਰੀ ਦੇ ਸੰਮਨ ਨੂੰ ਖਾਰਿਜ ਤਾਂ ਕਰਵਾ ਦਿੱਤਾ ਪਰ ਟ੍ਰਾਇਲ ਕੇਸ ਦੀ ਤਰੀਕ 30 ਨਵੰਬਰ ਫਾਜ਼ਿਲਕਾ ਅਦਾਲਤ ‘ਚ ਖਹਿਰਾ ਨੂੰ ਭੁਗਤਣ ਦੇ ਆਦੇਸ਼ ਦਿੱਤੇ ਗਏ ਸਨ, ਜਿਸ ‘ਤੇ ਖਹਿਰਾ ਨੂੰ ਅਦਾਲਤ ‘ਚ ਪੇਸ਼ ਹੋਣਾ ਸੀ ਪਰ ਉਹ ਪੇਸ਼ ਨਹੀਂ ਹੋਏ। ਖਹਿਰਾ ਦੇ ਵਕੀਲ ਰੋਮਿਲ ਬਜਾਜ ਨੇ ਦੱਸਿਆ ਕਿ ਹਾਈਕੋਰਟ ਵੱਲੋਂ ਖਹਿਰਾ ਦੇ ਖਿਲਾਫ ਗ੍ਰਿਫਤਾਰੀ ਸੰਮਨ ਖਾਰਿਜ ਹੋ ਗਏ ਸਨ, ਇਸ ਲਈ ਹੁਣ ਨਵੇਂ ਸੰਮਨ ਨੂੰ ਲੈ ਕੇ ਉਨ੍ਹਾਂ ਅਦਾਲਤ ‘ਚ ਅਰਜ਼ੀ ਦਿੱਤੀ ਹੈ, ਜਿਸ ‘ਤੇ ਮਾਣਯੋਗ ਅਦਾਲਤ ਨੇ ਸੁਣਵਾਈ ਕਰਦੇ ਹੋਏ ਖਹਿਰਾ ਨੂੰ 21 ਦਸੰਬਰ ਦਾ ਨੋਟਿਸ ਭੇਜਿਆ ਗਿਆ ਹੈ, ਜਿਸ ‘ਤੇ ਸੁਖਪਾਲ ਖਹਿਰਾ ਨੂੰ 21 ਦਸੰਬਰ ਨੂੰ ਫਾਜ਼ਿਲਕਾ ਅਦਾਲਤ ‘ਚ ਪੇਸ਼ ਹੋਣਾ ਹੈ।