ਹੈਦਰਾਬਾਦ ਪੁਲਿਸ ਨੇ ਡਰੱਗਜ਼ ਦੇ ਇੱਕ ਵੱਡੇ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਇਸ ਵਿੱਚ ਅਦਾਕਾਰਾ ਰਕੁਲ ਪ੍ਰੀਤ ਸਿੰਘ ਦੇ ਭਰਾ ਅਮਨ ਪ੍ਰੀਤ ਸਿੰਘ ਅਤੇ 4 ਹੋਰਾਂ ਨੂੰ ਪੁਲਿਸ ਨੇ ਸੋਮਵਾਰ (15 ਜੁਲਾਈ) ਨੂੰ ਕਥਿਤ ਤੌਰ ‘ਤੇ ਨਸ਼ੀਲੇ ਪਦਾਰਥਾਂ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ। ਤੇਲੰਗਾਨਾ ਐਂਟੀ ਨਾਰਕੋਟਿਕਸ ਵਿਭਾਗ ਨੇ ਡਰੱਗ ਰੈਕੇਟ ਦਾ ਪਰਦਾਫਾਸ਼ ਕਰਦੇ ਹੋਏ ਹੈਦਰਾਬਾਦ ਵਿਚ ਵਿਕਰੀ ਲਈ ਲਿਆਂਦੀ ਗਈ ਲਗਭਗ 2.6 ਕਿਲੋਗ੍ਰਾਮ ਕੋਕੀਨ ਵੀ ਜ਼ਬਤ ਕੀਤੀ।

ਮੀਡੀਆ ਰਿਪੋਰਟ ਮੁਤਾਬਕ ਅਮਨ ਪ੍ਰੀਤ ਸਿੰਘ, ਅਨਿਕੇਤ ਰੈੱਡੀ, ਪ੍ਰਸਾਦ, ਮਧੂਸੂਦਨ ਅਤੇ ਨਿਖਿਲ ਦਮਨ ਵਜੋਂ ਪਛਾਣੇ ਗਏ ਦੋਸ਼ੀ ਫ਼ਿਲਹਾਲ ਪੁਲਿਸ ਦੀ ਹਿਰਾਸਤ ਵਿਚ ਹਨ ਅਤੇ ਮੈਡੀਕਲ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਪੁਲਿਸ ਨੇ ਦੱਸਿਆ ਕਿ ਮੁੱਢਲੀ ਜਾਂਚ ਵਿਚ ਇਨ੍ਹਾਂ ਦੇ ਡੋਪ ਟੈਸਟ ਪਾਜ਼ੀਟਿਵ ਆਏ ਹਨ ਪਰ ਅਜੇ ਵਧੇਰੇ ਜਾਂਚ ਕੀਤੀ ਜਾਣੀ ਬਾਕੀ ਹੈ। ਪਿਛਲੇ ਸਾਲ ਇਨਫ਼ੋਰਸਮੈਂਟ ਡਾਇਰੈਕਟੋਰੇਟ ਨੇ ਰਕੁਲ ਪ੍ਰੀਤ ਸਿੰਘ ਨੂੰ ਡਰੱਗ ਤਸਕਰੀ ਅਤੇ ਸੇਵਨ ਮਾਮਲੇ ਵਿਚ ਸੰਮਨ ਜਾਰੀ ਕੀਤਾ ਸੀ।

ਪੁਲਿਸ ਨੇ ਸੋਮਵਾਰ ਨੂੰ ਹੈਦਰਾਬਾਦ ‘ਚ ਇਸ ਮਾਮਲੇ ਦੇ ਵੇਰਵਿਆਂ ‘ਤੇ ਚਰਚਾ ਕਰਨ ਲਈ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਪੁਸ਼ਟੀ ਕੀਤੀ ਹੈ ਕਿ ਅਮਨ ਨੂੰ ਨਸ਼ਾ ਤਸਕਰੀ ਦੇ ਇੱਕ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਕੁੱਲ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਅਮਨ ਦਾ ਨਾਂ ਉਨ੍ਹਾਂ 13 ਲੋਕਾਂ ਦੀ ਸੂਚੀ ‘ਚ ਆਇਆ, ਜਿਨ੍ਹਾਂ ਨੇ ਡਰੱਗਜ਼ ਦਾ ਸੇਵਨ ਕੀਤਾ ਸੀ ਅਤੇ ਉਨ੍ਹਾਂ ਦੇ ਟੈਸਟਾਂ ‘ਚ ਸਕਾਰਾਤਮਕ ਪਾਇਆ ਗਿਆ। ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਉਸਨੂੰ ਜਲਦੀ ਹੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।