ਨਵੀਂ ਦਿੱਲੀ, 9 ਅਕਤੂਬਰ
ਫ਼ਿਲਮਸਾਜ਼ ਅਨੁਰਾਗ ਕਸ਼ਯਪ ’ਤੇ ਜਿਨਸੀ ਦੁਰਾਚਾਰ ਦੇ ਦੋਸ਼ ਲਾਉਣ ਵਾਲੀ ਬੌਲੀਵੁੱਡ ਅਦਾਕਾਰ ਪਾਇਲ ਘੋਸ਼ ਨੇ ਅੱਜ ਕੇਂਦਰੀ ਗ੍ਰਹਿ ਰਾਜ ਮੰਤਰੀ ਜੀ. ਕਿਸ਼ਨ ਰੈੱਡੀ ਨਾਲ ਮੁਲਾਕਾਤ ਕੀਤੀ ਤੇ ‘ਛੇਤੀ ਨਿਆਂ’ ਦਿਵਾਉਣ ਦੀ ਮੰਗ ਕੀਤੀ। ਘੋਸ਼ ਨੇ ਇਕ ਟਵੀਟ ਵਿੱਚ ਕਿਹਾ, ‘ਕੇਂਦਰੀ ਗ੍ਰਹਿ ਰਾਜ ਮੰਤਰੀ ਜੀ.ਕਿਸ਼ਨ ਰੈੱਡੀ ਨਾਲ ਮੁਲਾਕਾਤ ਕੀਤੀ ਤੇ ਇਹ ਮੁਲਾਕਾਤ ਕਾਫ਼ੀ ਸਾਰਥਕ ਰਹੀ। ਇਹ ਅਜਿਹਾ ਮੁੱਦਾ ਹੈ ਜੋ ਕਈ ਲੋਕਾਂ ਨੂੰ ਦਰਪੇਸ਼ ਹੈ ਤੇ ਹੁਣ ਸਮਾਂ ਜਦੋਂ ਕੁਝ ਕਰਨਾ ਬਣਦਾ ਹੈ।’ ਘੋਸ਼ ਨੇ ਲਗਪਗ ਪੰਦਰਾਂ ਦਿਨ ਪਹਿਲਾਂ ਮੁੰਬਈ ਦੇ ਵਰਸੋਵਾ ਪੁਲੀਸ ਸਟੇਸ਼ਨ ਵਿੱਚ ਦਰਜ ਸ਼ਿਕਾਇਤ ਵਿੱਚ ਦਾਅਵਾ ਕੀਤਾ ਸੀ ਕਿ ਕਸ਼ਯਪ ਨੇ ਸਾਲ 2013 ਵਿੱਚ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਸੀ। ਫ਼ਿਲਮਸਾਜ਼ ਨੇ ਹਾਲਾਂਕਿ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕੀਤਾ ਹੈ। ਇਸੇ ਦੌਰਾਨ ਘੋਸ਼ ਨੇ ਅਦਾਕਾਰਾ ਰਿਚਾ ਚੱਢਾ ਬਾਰੇ ਕੀਤੀਆਂ ਟਿੱਪਣੀਆਂ ਲਈ ਉਸ ਤੋਂ ਬਿਨਾਂ ਸ਼ਰਤ ਮੁਆਫ਼ੀ ਮੰਗ ਲਈ ਹੈ। ਘੋਸ਼ ਨੇ ਫ਼ਿਲਮਸਾਜ਼ ਕਸ਼ਯਪ ’ਤੇ ਜਿਨਸੀ ਦੁਰਾਚਾਰ ਦੇ ਦੋਸ਼ ਲਾਊਣ ਮੌਕੇ ਚੱਢਾ ਤੇ ਦੋ ਹੋਰਨਾਂ ਅਭਿਨੇਤਰੀਆਂ ਨੂੰ ਇਸ ਵਿਵਾਦ ’ਚ ਘਸੀਟ ਲਿਆ ਸੀ। ਚੱਢਾ ਨੇ ਘੋਸ਼ ਵੱਲੋਂ ਕੀਤੀਆਂ ਟਿੱਪਣੀਆਂ ਨੂੰ ‘ਬੇਬੁਨਿਆਦ ਤੇ ਅਪਮਾਨਜਨਕ’ ਦੱਸਦਿਆਂ ਬੰਬੇ ਹਾਈ ਕੋਰਟ ਵਿੱਚ ਮਾਣਹਾਨੀ ਦਾ ਕੇਸ ਦਰਜ ਕੀਤਾ ਸੀ।