ਲਖਨਊ, ਏਸ਼ਿਆਈ ਖੇਡਾਂ ਦੇ ਸੋਨ ਤਗ਼ਮਾ ਜੇਤੂ ਤੀਹਰੀ ਛਾਲ ਦੇ ਅਥਲੀਟ ਅਰਪਿੰਦਰ ਸਿੰਘ ਨੇ ਅੱਜ ਇੱਥੇ 59ਵੀਂ ਕੌਮੀ ਅੰਤਰ-ਰਾਜੀ ਅਥਲੈਟਿਕਸ ਚੈਂਪੀਅਨਸ਼ਿਪ ਦੇ ਦੂਜੇ ਦਿਨ ਸੋਨ ਤਗ਼ਮਾ ਆਪਣੇ ਨਾਮ ਕੀਤਾ, ਪਰ ਉਹ ਵਿਸ਼ਵ ਚੈਂਪੀਅਨਸ਼ਿਪ ਦੇ ਕੁਆਲੀਫਾਈਂਗ ਮਾਪਦੰਡ ਹਾਸਲ ਕਰਨ ਤੋਂ ਖੁੰਝ ਗਿਆ। ਅਰਪਿੰਦਰ ਨੇ ਗਰਮੀ ਅਤੇ ਹੁੰਮਸ ਵਾਲੇ ਹਾਲਾਤ ਵਿੱਚ 16.83 ਮੀਟਰ ਨਾਲ ਸੈਸ਼ਨ ਦੀ ਸਰਵੋਤਮ ਛਾਲ ਮਾਰੀ, ਪਰ ਉਹ ਵਿਸ਼ਵ ਚੈਂਪੀਅਨਸ਼ਿਪ ਦੇ 16.96 ਮੀਟਰ ਦੇ ਕੁਆਲੀਫਾਈਂਗ ਮਾਪਦੰਡ ਤੋਂ 12 ਸੈਂਟੀਮੀਟਰ ਨਾਲ ਖੁੰਝ ਗਿਆ। ਕਰਨਾਟਕ ਦੇ ਯੂ ਕਾਰਤਿਕ (16.0 ਮੀਟਰ) ਅਤੇ ਤਾਮਿਲਨਾਡੂ ਦੇ ਮੁਹੰਮਦ ਸਲਾਹੂਦੀਨ (16.79 ਮੀਟਰ) ਨੇ ਕ੍ਰਮਵਾਰ ਚਾਂਦੀ ਅਤੇ ਕਾਂਸੀ ਦਾ ਤਗ਼ਮਾ ਜਿੱਤਿਆ।
ਅਰਪਿੰਦਰ ਨੂੰ ਪੰਜ ਸਤੰਬਰ ਨੂੰ ਨਵੀਂ ਦਿੱਲੀ ਵਿੱਚ ਹੋਣ ਵਾਲੀ ਇੰਡੀਅਨ ਗ੍ਰਾਂ ਪ੍ਰੀ ਵਿੱਚ ਵਿਸ਼ਵ ਚੈਂਪੀਅਨਸ਼ਿਪ ਲਈ ਕੁਆਲੀਫਾਈ ਕਰਨ ਦਾ ਮੌਕਾ ਮਿਲੇਗਾ। ਕੋਈ ਵੀ ਭਾਰਤੀ ਖਿਡਾਰੀ ਦੋਹਾ ਵਿੱਚ 28 ਸਤੰਬਰ ਤੋਂ ਛੇ ਅਕਤੂਬਰ ਤੱਕ ਚੱਲਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਦੇ ਕੁਆਲੀਫਾਈਂਗ ਮਾਪਦੰਡ ਦੇ ਕਰੀਬ ਨਹੀਂ ਪਹੁੰਚ ਸਕਿਆ। ਬਾਲਾਕੁਮਾਰ ਨਿਤਿਨ ਅਤੇ ਅਲੈਕਸ ਐਂਟਨੀ ਨੇ ਕ੍ਰਮਵਾਰ ਪੁਰਸ਼ਾਂ ਦੀ 200 ਮੀਟਰ ਅਤੇ 400 ਮੀਟਰ ਦਾ ਸੋਨ ਤਗ਼ਮਾ ਹਾਸਲ ਕੀਤਾ। ਪੀਯੂ ਚਿਤਰਾ ਨੇ 2:02.96 ਦੇ ਆਪਣੀ ਨਿੱਜੀ ਸਰਵੋਤਮ ਸਮੇਂ ਨਾਲ ਮਹਿਲਾਵਾਂ ਦੀ 800 ਮੀਟਰ ਮੁਕਾਬਲਾ ਜਿੱਤਿਆ, ਜਦਕਿ ਮੁਹੰਮਦ ਅਫਜ਼ਲ ਨੇ ਪੁਰਸ਼ਾਂ ਦੇ ਇਸ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ।