ਜਕਾਰਤਾ, ਪਿਛਲੇ ਦੋ ਹਫ਼ਤਿਆਂ ਤੋਂ ਦੁਨੀਆ ਦੇ ਦੂਜੇ ਸਭ ਤੋਂ ਵੱਡੇ ਖੇਡ ਟੂਰਨਾਮੈਂਟ ਵਿੱਚ ਹਾਸਲ ਕੀਤੀਆਂ ਉਪਲਬਧੀਆਂ ਨੂੰ ਦੇਖਦਿਆਂ ਭਾਰਤ ਨੂੰ ਰੌਸ਼ਨ ਭਵਿੱਖ ਦੀ ਉਮੀਦ ਨਜ਼ਰ ਆ ਰਹੀ ਹੈ। ਭਾਰਤ ਨੇ ਰਾਸ਼ਟਰਮੰਡਲ ਖੇਡਾਂ ਤੋਂ ਬਾਅਦ 2018 ਦੀਆਂ ਏਸ਼ਿਆਈ ਖੇਡਾਂ ਵਿੱਚ ਤਗ਼ਮਿਆਂ ਦੀ ਗਿਣਤੀ ਦੇ ਮਾਮਲੇ ਵਿੱਚ ਸਰਵੋਤਮ ਪ੍ਰਦਰਸ਼ਨ ਕੀਤਾ ਹੈ।
ਓਲੰਪਿਕ ਤੋਂ ਬਾਅਦ ਦੂਜੀ ਥਾਂ ’ਤੇ ਮੰਨੀਆਂ ਜਾਣ ਵਾਲੀਆਂ ਇਨ੍ਹਾਂ ਮਹਾਂਦੀਪੀ ਖੇਡਾਂ ਵਿੱਚ ਭਾਰਤ ਨੇ ਕਦੇ ਵੀ ਐਨਾ ਸ਼ਾਨਦਾਰ ਪ੍ਰਦਰਸ਼ਨ ਨਹੀਂ ਕੀਤਾ। ਜਕਾਰਤਾ ਤੋਂ ਵਾਪਸ ਆ ਰਹੇ ਤਗ਼ਮਾ ਜਿੱਤਣ ਵਾਲੇ ਖਿਡਾਰੀਆਂ ਲਈ ਇਹ ਉਤਸ਼ਾਹ ਵਾਲੀ ਗੱਲ ਹੈ ਕਿ ਤਗ਼ਮਿਆਂ ਦੀ ਗਿਣਤੀ ਵਧਣ ਨਾਲ ਕ੍ਰਿਕਟ ਦੇ ਖ਼ੁਮਾਰ ਵਾਲੇ ਇਸ ਮੁਲਕ ਦੇ ਲੋਕਾਂ ਵਿੱਚ ਓਲੰਪਿਕ ਲਈ ਦਿਲਚਸਪੀ ਵਧੀ ਹੋਈ ਹੈ। ਖਿਡਾਰੀਆਂ ਨੇ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ, ਜਿਨ੍ਹਾਂ ਵਿੱਚ ਨੌਜਵਾਨ ਸੌਰਭ ਚੌਧਹੀ ਤੋਂ ਲੈ ਕੇ 60 ਸਾਲ ਤੱਕ ਦੇ ਪ੍ਰਣਬ ਬਰਧਨ ਸ਼ਾਮਲ ਹਨ। ਹਾਲਾਂਕਿ ਭਾਰਤ ਨੂੰ ਕਬੱਡੀ ਤੇ ਹਾਕੀ ਵਿੱਚ ਉਲਟਫੇਰ ਦਾ ਸਾਹਮਣਾ ਕਰਨਾ ਪਿਆ ਹੈ।
ਭਾਰਤ ਨੇ ਕੁੱਲ 69 ਤਗ਼ਮੇ ਜਿੱਤੇ ਹਨ, ਜਿਨ੍ਹਾਂ ਵਿੱਚ 15 ਸੋਨੇ ਦੇ, 24 ਚਾਂਦੀ ਦੇ ਅਤੇ 30 ਕਾਂਸੀ ਦੇ ਤਗ਼ਮੇ ਸ਼ਾਮਲ ਹਨ। ਚਾਰ ਵਰ੍ਹੇ ਪਹਿਲਾਂ ਇੰਚਿਓਨ ਏਸ਼ਿਆਈ ਖੇਡਾਂ ਵਿੱਚ ਭਾਰਤ ਨੇ ਕੁੱਲ 65 ਤਗ਼ਮੇ ਜਿੱਤੇ ਸਨ। ਹਾਲਾਂਕਿ ਭਾਰਤ ਨੇ 1951 ਵਿੱਚ ਜਿੱਤੇ 15 ਸੋਨ ਤਗ਼ਮਿਆਂ ਦੀ ਬਰਾਬਰੀ ਕੀਤੀ ਪਰ ਚਾਂਦੀ ਦੇ 24 ਤਗ਼ਮੇ ਕਦੇ ਵੀ ਨਹੀਂ ਜਿੱਤੇ ਹਨ। ਭਾਰਤ ਨੇ ਸਿਖ਼ਰਲੇ ਦਸਾਂ ਵਿੱਚ ਆਪਣੀ ਥਾਂ ਬਰਕਰਾਰ ਰੱਖਦਿਆਂ ਅੱਠਵੀਂ ਥਾਂ ਹਾਸਲ ਕੀਤੀ। ਖੇਡਾਂ ਦੌਰਾਨ ਕਈ ਵਿਵਾਦ ਵੀ ਸਾਹਮਣੇ ਆਏ। ਭਾਰਤੀ ਖਿਡਾਰੀਆਂ ਨੇ ਸਭ ਤੋਂ ਵੱਧ ਸੱਤ ਸੋਨ ਤਗ਼ਮੇ ਟਰੈਕ ਐਂਡ ਫੀਲਡ ਵਿੱਚ ਜਿੱਤੇ। ਤਜਿੰਦਰ ਪਾਲ ਸਿੰਘ ਤੂਰ ਨੇ ਜਿੱਥੇ ਅਥਲੈਟਿਕਸ ਦਾ ਰਿਕਾਰਡ ਬਣਾਉਂਦਿਆਂ ਪਹਿਲਾ ਤਗ਼ਮਾ ਹਾਸਲ ਕੀਤਾ ਉੱਥੇ ਹੀ 12 ਉਂਗਲੀਆਂ ਵਾਲੀ ਸਵਪਨਾ ਬਰਮਨ ਨੇ ਇਤਿਹਾਸ ਦੇ ਪੰਨਿਆਂ ’ਚ ਆਪਣਾ ਨਾਂ ਸੁਨਿਹਰੀ ਅੱਖਰਾਂ ਵਿੱਚ ਦਰਜ ਕਰਵਾਉਂਦਿਆਂ ਪੀਲਾ ਤਗ਼ਮਾ ਦੇਸ਼ ਦੀ ਝੋਲੀ ਪਾਇਆ।
ਦੁਤੀ ਚੰਦ ਨੇ ਵੀ ਧਮਾਕੇਦਾਰ ਵਾਪਸੀ ਕਰਦਿਆਂ ਟ੍ਰੈਕ ਉੱਤੇ ਦੋ ਚਾਂਦੀ ਦੇ ਤਗ਼ਮੇ ਆਪਣੇ ਨਾਂ ਕੀਤੇ। ਅਥਲੈਟਿਕਸ ਵਿੱਚ ਭਾਰਤ ਨੂੰ ਅਫ਼ਰੀਕਾ, ਕਤਰ ਤੇ ਬਹਿਰੀਨ ਜਿਹੇ ਦੇਸ਼ਾਂ ਤੋਂ ਸਖ਼ਤ ਟੱਕਰ ਮਿਲੀ। ਨੀਰਜ ਚੋਪੜਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਸ ਮੁਤਾਬਕ ਜੈਵਲਿਨ ਥ੍ਰੋਅ ਵਿੱਚ ਸੋਨ ਤਗ਼ਮਾ ਹਾਸਲ ਕੀਤਾ ਤੇ ਅਜਿਹਾ ਕਰਨ ਵਾਲੇ ਪਹਿਲੀ ਭਾਰਤੀ ਬਣੇ। ਇਸ ਤੋਂ ਇਲਾਵਾ ਦੌੜਾਕ ਮਨਜੀਤ ਸਿੰਘ ਤੇ ਜਿਨਸਨ ਜੌਨਸਨ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਨਾਲ ਅੰਕੜਿਆ ਵਿੱਚ ਕੁਝ ਬਦਲਾਅ ਕੀਤਾ। ਪੀਵੀ ਸਿੰਧੂ ਤੇ ਸਾਇਨਾ ਨੇਹਵਾਲ ਨੇ ਵੀ 36 ਸਾਲ ਦੇ ਇੰਤਜ਼ਾਰ ਨੂੰ ਖ਼ਤਮ ਕਰਦਿਆਂ ਵਿਅਕਤੀਗਤ ਵਰਗ ਵਿੱਚ ਭਾਰਤ ਨੂੰ ਬੈਡਮਿੰਟਨ ਦਾ ਤਗ਼ਮਾ ਜਿਤਾਇਆ।
ਮਨਿਕਾ ਬੱਤਰਾ ਦਾ ਚੀਨ ਤੇ ਜਪਾਨ ਜਿਹੇ ਦੇਸ਼ਾਂ ਦੇ ਖਿਡਾਰੀਆਂ ਦੀ ਹਾਜ਼ਰੀ ਵਿੱਚ ਟੇਬਲ ਟੈਨਿਸ ਵਿੱਚ ਤਗ਼ਮਾ ਜਿੱਤਣਾ ਕਿਸੇ ਉਪਲਬਧੀ ਤੋਂ ਘੱਟ ਨਹੀਂ। ਸੋਲ੍ਹਾਂ ਸਾਲ ਦੇ ਸੌਰਭ ਤੇ 15 ਸਾਲ ਦੇ ਸ਼ਾਰਦੁਲ ਵਿਹਾਨ ਨੇ ਸਾਬਿਤ ਕੀਤਾ ਕਿ ਯੋਗਤਾ ਉਮਰ ਦੇ ਮੁਹਤਾਜ਼ ਨਹੀਂ ਹੁੰਦੀ। ਇਸ ਤੋਂ ਇਲਾਵਾ ਹੋਰਨਾਂ ਮੁਕਾਬਲਿਆਂ ਵਿੱਚ ਵੀ ਭਾਰਤੀ ਖਿਡਾਰੀਆਂ ਦੀ ਪ੍ਰਾਪਤੀ ਵਰਣਨਯੋਗ ਰਹੀ।