ਪਨਾਮਾ ਸਿਟੀ, 27 ਅਪਰੈਲ
ਭਾਰਤ ਦੇ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਪਾਕਿਸਤਾਨ ਦੇ ਅਸਿੱਧੇ ਹਵਾਲੇ ਨਾਲ ਕਿਹਾ ਕਿ ਭਾਰਤ ਲਈ ਅਜਿਹੇ ਕਿਸੇ ਗੁਆਂਢੀ ਨਾਲ ਰਿਸ਼ਤੇ ਰੱਖਣਾ ‘ਬਹੁਤ ਮੁਸ਼ਕਲ’ ਹੈ, ਜੋ ਉਨ੍ਹਾਂ ਦੇ ਮੁਲਕ ਖਿਲਾਫ਼ ਸਰਹੱਦ ਪਾਰੋਂ ਅਤਿਵਾਦ ਨੂੰ ਸ਼ਹਿ ਦਿੰਦਾ ਹੈ। ਜੈਸ਼ੰਕਰ ਨੇ ਇਹ ਤਿੱਖੀ ਟਿੱਪਣੀ ਅਜਿਹੇ ਮੌਕੇ ਕੀਤੀ ਹੈ ਜਦੋਂ ਪਾਕਿਸਤਾਨ ਨੇ ਲੰਘੇ ਦਿਨੀਂ ਪੁਸ਼ਟੀ ਕੀਤੀ ਹੈ ਕਿ ਮੁਲਕ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਅਗਲੇ ਮਹੀਨੇ ਗੋਆ ਵਿੱਚ ਹੋਣ ਵਾਲੀ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੀ ਬੈਠਕ ਵਿੱਚ ਸ਼ਾਮਲ ਹੋਣਗੇ। ਜੈਸ਼ੰਕਰ ਨੇ ਪਨਾਮਾ ਦੇ ਆਪਣੇ ਹਮਰੁਤਬਾ ਜਾਨੈਨਾ ਟਿਵਾਨੇ ਮੈਨਕੋਮੋ ਨਾਲ ਸਾਂਝੀ ਪ੍ਰੈੱਸ ਮਿਲਣੀ ਦੌਰਾਨ ਕਿਹਾ, ‘‘ਅਸੀਂ ਦੋਵੇਂ ਐੱਸਸੀਓ ਦੇ ਮੈਂਬਰ ਹਾਂ ਤੇ ਅਸੀਂ ਇਸ ਦੀਆਂ ਬੈਠਕਾਂ ਵਿੱਚ ਵੀ ਸ਼ਾਮਲ ਹੁੰਦੇ ਹਾਂ। ਇਸ ਸਾਲ ਐੱਸਸੀਓ ਦੀ ਚੇਅਰ (ਪ੍ਰਧਾਨਗੀ) ਸਾਡੇ ਕੋਲ ਹੈ। ਲਿਹਾਜ਼ਾ ਇਸ ਦੀ ਬੈਠਕ ਭਾਰਤ ਵਿੱਚ ਹੋ ਰਹੀ ਹੈ। ਇਸ ਮਸਲੇ ਲਈ ਮੁੱਕਦੀ ਗੱਲ ਇਹ ਹੈ ਕਿ ਸਰਹੱਦ ਪਾਰੋਂ ਸਾਡੇ ਖਿਲਾਫ਼ ਅਤਿਵਾਦ ਨੂੰ ਹੱਲਾਸ਼ੇਰੀ ਦਿੰਦੇ ਮੁਲਕ ਨਾਲ ਸਬੰਧ ਰੱਖਣਾ ਬਹੁਤ ਮੁਸ਼ਕਲ ਹੈ।’’ ਜੈਸ਼ੰਕਰ ਨੇ ਕਿਹਾ, ‘‘ਅਸੀਂ ਹਮੇਸ਼ਾ ਕਿਹਾ ਹੈ ਕਿ ਉਨ੍ਹਾਂ(ਪਾਕਿਸਤਾਨ) ਨੂੰ ਸਰਹੱਦ ਪਾਰੋਂ ਅਤਿਵਾਦ ਨੂੰ ਹੱਲਾਸ਼ੇਰੀ ਤੇ ਸਰਪ੍ਰਸਤੀ ਨਾ ਦੇਣ ਦੀ ਆਪਣੀ ਵਚਨਬੱਧਤਾ ਨੂੰ ਪੂਰਾ ਕਰਨਾ ਹੋਵੇਗਾ। ਅਸੀਂ ਆਸ ਕਰਦੇ ਹਾਂ ਕਿ ਇਕ ਦਿਨ ਅਸੀਂ ਇਸ ਪੜਾਅ ’ਤੇ ਪੁੱਜਾਂਗੇ।’’ ਕਾਬਿਲੇਗੌਰ ਹੈ ਕਿ ਭਾਰਤ ਲੰਮੇ ਸਮੇਂ ਤੋਂ ਆਖਦਾ ਆਇਆ ਹੈ ਕਿ ਉਹ ਪਾਕਿਸਤਾਨ ਨਾਲ ਇਕ ਗੁਆਂਢੀ ਵਾਂਗ ਆਮ ਰਿਸ਼ਤੇ ਰੱਖਣ ਦਾ ਖਾਹਿਸ਼ਮੰਦ ਹੈ, ਪਰ ਦਹਿਸ਼ਤ ਮੁਕਤ ਮਾਹੌਲ ਸਿਰਜਣ ਦੀ ਜ਼ਿੰਮੇਵਾਰੀ ਇਸਲਾਮਾਬਾਦ ਸਿਰ ਹੈ। ਗੋਆ ਵਿੱਚ ਐੱਸਸੀਓ ਮੈਂਬਰ ਮੁਲਕਾਂ ਦੇ ਵਿਦੇਸ਼ ਮੰਤਰੀਆਂ ਦੀ ਦੋ ਰੋਜ਼ਾ ਬੈਠਕ 4 ਤੇ 5 ਮਈ ਨੂੰ ਹੋਣੀ ਹੈ ਤੇ ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਨੇ ਭੁੱਟੋ ਦੀ ਤਜਵੀਜ਼ਤ ਭਾਰਤ ਫੇਰੀ ਦਾ ਐਲਾਨ 20 ਅਪਰੈਲ ਕੀਤਾ ਸੀ। ਇਸ ਦੌਰਾਨ ਉਨ੍ਹਾਂ ਭਾਰਤੀ ਭਾਈਚਾਰੇ ਨਾਲ ਵੀ ਗੱਲਬਾਤ ਕੀਤੀ।